ਕੋਲੰਬੋ (ਵਿਕਰਮ ਸਹਿਜਪਾਲ) : ਸ਼੍ਰੀਲੰਕਾ ਪੁਲਿਸ ਦੇ ਇੱਕ ਕਮਾਂਡੋ ਨੇ ਵੀਰਵਾਰ ਨੂੰ ਰਾਜਧਾਨੀ ਵਿਖੇ ਪ੍ਰਧਾਨ ਮੰਤਰੀ ਰਾਨਿਲ ਵਿਕਰਮਸਿੰਘੇ ਦੀ ਸਰਕਾਰੀ ਰਿਹਾਇਸ਼ ਦੀ ਇੱਕ ਜਾਂਚ ਚੌਂਕੀ ਤੇ ਆਪਣੀ ਹੀ ਰਿਵਾਲਵਰ ਨਾਲ ਖ਼ੁਦ ਨੂੰ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ ਹੈ। ਜਾਣਕਾਰੀ ਮੁਤਾਬਕ ਉੱਕਤ ਕਮਾਂਡੋ ਵਿਸ਼ੇਸ਼ ਕਾਰਜ਼ ਬੱਲ (ਐਸਟੀਐਫ਼) ਦਾ ਮੈਂਬਰ ਸੀ ਅਤੇ ਉਸ ਦੀ ਪਹਿਚਾਣ ਗੋਡਾਡੇਵਿਆਲਗੇ ਦਿਲਰੁਕਸ਼ਾ ਸਮਰਾਸਿੰਘੇ (30) ਵਜੋਂ ਹੋਈ ਹੈ।
ਪੁਲਿਸ ਨੇ ਕਿਹਾ ਕਿ ਉਹ ਅਫ਼ਸਰ ਅਲਗਾਮਾ ਇਲਾਕੇ ਦਾ ਰਹਿਣ ਵਾਲਾ ਸੀ। ਤੁਹਾਨੂੰ ਦੱਸ ਦਈਏ ਕਿ ਸਮਰਾਸਿੰਘੇ ਨੇ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਖੇ ਟੇਂਪਲ ਟ੍ਰੀਜ਼ ਦੀ ਜਾਂਚ ਚੌਂਕੀ 'ਤੇ ਖ਼ੁਦ ਨੂੰ ਗੋਲੀ ਮਾਰ ਲਈ ਹੈ। ਉਸ ਦੇ ਸਿਰ 'ਤੇ ਗੰਭੀਰ ਸੱਟਾਂ ਆਈਆਂ ਹਨ ਅਤੇ ਉਸ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਪੁਲਿਸ ਨੂੰ ਸ਼ੱਕ ਹੈ ਕਿ ਉਕਤ ਕਮਾਂਡੋ ਨੇ ਪ੍ਰੇਮ ਪ੍ਰਸੰਗ ਨੂੰ ਲੈ ਕੇ ਖੁਦਕੁਸ਼ੀ ਕੀਤੀ ਹੈ।



