ਜਗਰਾਓਂ (ਇੰਦਰਜੀਤ ਸਿੰਘ) : ਮੁੱਲਾਂਪੁਰ ਦਾਖਾ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਦੇ ਹੱਕ 'ਚ ਅੱਜ ਸਾਬਕਾ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੱਤ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਪਿੰਡ ਭੂੰਦੜੀ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਅੱਜ ਹਰ ਇਕ ਵਰਗ ਇਸ ਸਰਕਾਰ ਤੋਂ ਦੁਖੀ ਹੈ। ਉਨ੍ਹਾਂ ਕਿਹਾ ਕਿ ਢਾਈ ਸਾਲ ਲੰਘ ਚੁੱਕੇ ਹਨ ਤੇ ਹੁਣ ਸਿਰਫ਼ ਦੋ ਗਰਮੀਆਂ ਤੇ ਦੋ ਸਰਦੀਆਂ ਰਹਿ ਗਈਆਂ ਹਨ।
ਪੰਜਾਬੀਓ ਔਖੇ ਸੌਖੇ ਕੱਟ ਇਸ ਤੋਂ ਬਾਅਦ ਫਿਰ ਅਕਾਲੀ ਦਲ ਦੀ ਸਰਕਾਰ ਸੱਤਾ 'ਚ ਆ ਰਹੀ ਹੈ ਗ੍ਰਾਂਟਾਂ ਦੀ ਝੜੀ ਲਗਾ ਦਿੱਤੀ ਜਾਵੇਗੀ। ਪਹਿਲਾਂ ਵਾਂਗ ਹੀ ਪੰਜਾਬ 'ਚ ਚਾਰੇ ਪਾਸੇ ਵਿਕਾਸ ਦੀ ਮੁਹਿੰਮ ਛੇੜੀ ਜਾਵੇਗੀ। ਉਨ੍ਹਾਂ ਉਮੀਦਵਾਰ ਮਨਪ੍ਰੀਤ ਸਿੰਘ ਇਆਲੀ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਉਨ੍ਹਾਂ ਵੱਲੋਂ ਖੇਡ ਪਾਰਕਾਂ ਸਮੇਤ ਕੀਤੇ ਗਏ ਵਿਕਾਸ ਦੀ ਲੰਬੀ ਚੌੜੀ ਲਿਸਟ ਜਨਤਾ ਸਾਹਮਣੇ ਰੱਖਦਿਆਂ ਵੋਟ ਪਾਉਣ ਦੀ ਅਪੀਲ ਕੀਤੀ। ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ 'ਤੇ ਨਿਸ਼ਾਨਾ ਵਿੰਨ੍ਹਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਉਮੀਦਵਾਰ ਨੂੰ ਇਲਾਕੇ ਦੇ ਪਿੰਡਾਂ ਸਰਪੰਚਾਂ ਦੇ ਨਾਮ ਤਕ ਨਹੀਂ ਪਤਾ ਅਜਿਹੇ ਉਮੀਦਵਾਰ ਦਾ ਆਚਾਰ ਥੋੜ੍ਹੀ ਪਾਉਣਾ।



