ਆਰ.ਐਸ.ਐਸ. ਮੁਖੀ ਦੇ ਬਿਆਨ ਤੇ ਸ਼੍ਰੋਮਣੀ ਕਮੇਟੀ ਨੇ ਜਤਾਇਆ ਇਤਰਾਜ਼

by mediateam

ਅੰਮ੍ਰਿਤਸਰ , 11 ਅਕਤੂਬਰ ( NRI MEDIA )

ਨਾਗਪੁਰ ਵਿੱਚ ਦੁਸਹਿਰੇ ਮੌਕੇ ਇੱਕ ਸਮਾਗਮ ਦੌਰਾਨ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ ਭਾਰਤ ਨੂੰ ਹਿੰਦੂ ਰਾਸ਼ਟਰ ਅਤੇ ਇਥੇ ਵਸਦੇ ਸਾਰੇ ਲੋਕਾਂ ਨੂੰ ਹਿੰਦੂ ਕਹਿਣ ’ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇਤਰਾਜ਼ ਪ੍ਰਗਟ ਕੀਤਾ ਹੈ , ਉਨ੍ਹਾਂ ਕਿਹਾ ਕਿ ਭਾਰਤ ਇਕ ਬਹੁ-ਕੌਮੀ ਅਤੇ ਬਹੁ-ਭਾਸ਼ਾਈ ਦੇਸ਼ ਹੈ, ਅਤੇ ਇਥੇ ਵੱਸਣ ਵਾਲੇ ਵੱਖ-ਵੱਖ ਧਰਮਾਂ ਦਾ ਇਤਿਹਾਸ, ਸਿਧਾਂਤ ਅਤੇ ਰਹਿਣੀ ਆਪੋ-ਆਪਣੇ ਵਿਧਾਨ ਅਨੁਸਾਰ ਹੈ। 


ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਹਰ ਧਰਮ ਦੇ ਲੋਕਾਂ ਨੂੰ ਮੁਕੰਮਲ ਅਜ਼ਾਦੀ ਦਿੰਦਾ ਹੈ, ਪਰ ਆਰ.ਐਸ.ਐਸ. ਮੁਖੀ ਜਾਣਬੁੱਝ ਕੇ ਦੇਸ਼ ਦੇ ਸੰਵਿਧਾਨ ਨੂੰ ਅੱਖੋ-ਉਹਲੇ ਕਰਕੇ ਹਿੰਦੂ ਰਾਸ਼ਟਰ ਦਾ ਏਜੰਡਾ ਦੇਸ਼ ’ਤੇ ਠੋਸ ਰਿਹਾ ਹੈ , ਉਨ੍ਹਾਂ ਆਖਿਆ ਕਿ ਭਾਰਤ ਅੰਦਰ ਵੱਖ-ਵੱਖ ਧਰਮਾਂ ਦੀ ਵੰਨ-ਸੁਵੰਨਤਾ ਹੀ ਇਸ ਦੀ ਪਛਾਣ ਹੈ ਅਤੇ ਦੇਸ਼ ਦੇ ਸੱਭਿਆਚਾਰ ਨੂੰ ਬਚਾਉਣ ਲਈ ਹਰ ਧਰਮ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਕੱਲੇ ਸਿੱਖ ਧਰਮ ਦੀ ਹੀ ਗੱਲ ਕਰੀਏ ਤਾਂ ਦੇਸ਼ ਦੀ ਅਜ਼ਾਦੀ ਲਈ ਸਭ ਤੋਂ ਵੱਧ, ਤਕਰੀਬਨ 80 ਫ਼ੀਸਦੀ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਹਨ। 

ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸਿੱਖ ਕੌਮ ਦੀ ਆਪਣੀ ਵਿਲੱਖਣਤਾ ਹੈ, ਇਸ ਦੇ ਸਿਧਾਂਤ ਅਤੇ ਮਰਿਆਦਾ ਨਿਰਾਲੀ ਹੈ , ਮੋਹਨ ਭਾਗਵਤ ਨੂੰ ਅਜਿਹੇ ਬਿਆਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੰਦਿਆਂ ਭਾਈ ਲੌਂਗੋਵਾਲ ਨੇ ਕਿਹਾ ਕਿ ਭਾਰਤ ਅੰਦਰ ਹਰ ਧਰਮ ਦੀ ਆਪੋ-ਆਪਣੀ ਪਛਾਣ ਹੈ ਅਤੇ ਇਸ ਨੂੰ ਰਲਗੱਡ ਕਰਨ ਦੀ ਕੋਸ਼ਿਸ਼ ਕਰਨਾ ਚਲਾਕੀ ਤਾਂ ਹੋ ਸਕਦੀ ਹੈ, ਪਰ ਸਮਝਦਾਰੀ ਨਹੀਂ।

More News

NRI Post
..
NRI Post
..
NRI Post
..