ਕਾਹਨੂੰਵਾਨ (ਇੰਦਰਜੀਤ ਸਿੰਘ) : ਪਿੰਡ ਲਮੀਨ ਨੰਗਲ ਥਾਣਾ ਪੁਰਾਣਾ ਸ਼ਾਲਹਾ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਆਪਣੇ ਪੁੱਤਰਾਂ ਨੂੰ ਸਕੂਲ ਛੱਡਣ ਜਾਂਦੀ ਮਾਂ ਕੋਲੋਂ ਇਨੋਵਾ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਦੋਵੇਂ ਬੱਚੇ ਅਗਵਾ ਕਰ ਲਏ ਗਏ। ਪੀੜਤ ਮਾਂ ਸੰਦੀਪ ਕੌਰ ਪਤਨੀ ਮਲਕੀਤ ਸਿੰਘ ਨੇ ਦੱਸਿਆ ਕਿ ਉਸਦਾ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਨਾਲ ਝਗੜਾ ਰਹਿਣ ਕਰਕੇ ਉਹ ਆਪਣੇ ਨਾਨਕੇ ਪਿੰਡ ਨੰਗਲ ਲਮੀਨ 'ਚ ਆਪਣੇ ਨਾਨੇ ਸੀਸ਼ ਸਿੰਘ ਕੋਲ ਰਹਿ ਰਹੀ ਹੈ।
ਅੱਜ ਜਦੋਂ ਆਪਣੀ ਮੋਪਡ ਤੇ ਆਪਣੇ ਪੁੱਤਰ ਮਨਜੋਤ ਸਿੰਘ ਅਤੇ ਮਨਬੀਰ ਸਿੰਘ ਨੂੰ ਨੇੜਲੇ ਕਸਬਾ ਨਵਾਂ ਸ਼ਾਲਹਾ ਦੇ ਇੱਕ ਪ੍ਰਾਈਵੇਟ ਸਕੂਲ ਵਿਖੇ ਛਡਣ ਘਰੋਂ ਗਈ ਤਾਂ ਪਿੰਡ ਦੇ ਬਾਹਰਲੇ ਪਾਸੇ ਇਕ ਇਨੋਵਾ ਗੱਡੀ 'ਚ ਸਵਾਰ ਕੁਝ ਲੋਕਾਂ ਨੇ ਉਸਨੂੰ ਜਬਰੀ ਰੋਕ ਲਿਆ ਅਤੇ ਦੋਵੇਂ ਪੁਤਰਾਂ ਨੂੰ ਧੱਕੇ ਨਾਲ ਅਗਵਾ ਕਰ ਕੇ ਲੈ ਗਏ। ਉਸ ਨੇ ਇਸਦੀ ਸੂਚਨਾ ਪੁਰਾਣਾ ਸ਼ਾਲਹਾ ਦੀ ਪੁਲਿਸ ਨੂੰ ਦਿੱਤੀ।
ਭਾਵੇਂ ਕਿ ਇਹ ਵੀ ਚਰਚਾ ਹੈ ਕਿ ਬੱਚਿਆਂ ਨੂੰ ਉਸਦੇ ਪਿਤਾ ਮਲਕੀਤ ਸਿੰਘ ਨੇ ਹੀ ਅਗਵਾ ਕਰਵਾਇਆ ਹੈ ਅਤੇ ਇਸ ਸਬੰਧੀ ਪਿੰਡ ਨੰਗਲ ਲਮੀਨ ਦੇ ਨੰਬਰਦਾਰ ਹਰਭਜਨ ਸਿੰਘ ਨੂੰ ਮਲਕੀਤ ਸਿੰਘ ਨੇ ਫੋਨ ਕਰਕੇ ਕਿਹਾ ਕਿ ਬੱਚੇ ਉਸ ਕੋਲ ਹਨ ਪਰ ਬੱਚਿਆਂ ਦੀ ਮਾਂ ਸੰਦੀਪ ਕੌਰ ਅਤੇ ਬਜ਼ੁਰਗ ਨਾਨਾ ਸ਼ੀਸ਼ ਸਿੰਘ ਨੇ ਕਿਹਾ ਕਿ ਜਦੋਂ ਤੱਕ ਬੱਚੇ ਨਹੀਂ ਮਿਲ ਜਾਂਦੇ ਉਦੋਂ ਤੱਕ ਉਹ ਕਿਸੇ ਵੀ ਗੱਲ ਤੇ ਵਿਸ਼ਵਾਸ ਨਹੀਂ ਕਰ ਸਕਦੇ। ਐੱਸ ਐਚ ਓ ਪੁਰਾਣਾ ਸ਼ਾਲਹਾ ਦੇ ਮੁਖੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਦੋਸ਼ੀਆਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਜਲਦੀ ਹੀ ਕੋਈ ਸਾਰਥਿਕ ਨਤੀਜਾ ਆਵੇਗਾ।



