ਲੁਧਿਆਣਾ: ਕੇਂਦਰੀ ਜਾਂਚ ਬਿਊਰੋ (CBI) ਨੇ ਬੁੱਧਵਾਰ ਨੂੰ ਮਾਲੀਆ ਖੁਫ਼ੀਆ ਡਾਇਰੈਕਟੋਰੇਟ (Directorate of Revenue Intelligence) ਦੇ ADG ਦੇ ਵੱਖ-ਵੱਖ ਦਫ਼ਤਰਾਂ 'ਚ ਛਾਪੇਮਾਰੀ ਕੀਤੀ। ਦੱਸਿਆ ਜਾਂਦਾ ਹੈ ਕਿ ਸੀਬੀਆਈ ਨੇ ਇਹ ਕਾਰਵਾਈ 25 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ 'ਚ ਕੀਤੀ ਹੈ। ਪੁਲਿਸ ਨੇ ਏਡੀਜੀ ਚੰਦਰਸ਼ੇਖਰ ਅਤੇ ਦੋ ਦਲਾਲਾਂ ਨੂੰ ਹਿਰਾਸਤ 'ਚ ਲਿਆ ਹੈ।
ਸੀਬਆਈ ਨੇ ਇੱਥੇ ਫਿਰੋਜ਼ਪੁਰ ਰੋਡ ਸਥਿਤ ਗ੍ਰੈਂਡਵਾਕ ਦੇ ਸਾਹਮਣੇ ਮਾਰਬਲ ਹੋਮਜ਼ 'ਚ ਬਣੇ ਫਲੈਟ 'ਚ ਜਾਂਚ ਕੀਤੀ, ਜਿੱਥੇ ਚੰਦਰਸ਼ੇਖ਼ਰ ਰਹਿੰਦੇ ਹਨ। ਉਨ੍ਹਾਂ ਦੇ ਬੈਂਕ ਖਾਤਿਆਂ ਸਮੇਤ ਜਾਇਦਾਦ ਦੇ ਦਸਤਾਵੇਜ਼ਾਂ ਨੂੰ ਵੀ ਸੀਬੀਆਈ ਟੀਮ ਖੰਗਾਲ ਰਹੀ ਹੈ।
ਚੰਦਰਸ਼ੇਖ਼ਰ ਮੁੱਖ ਤੌਰ 'ਤੇ ਦਿੱਲੀ 'ਚ ਰਹਿੰਦੇ ਹਨ ਅਤੇ ਲੁਧਿਆਣਾ, ਜੰਮੂ ਕਸ਼ਮੀਰ, ਹਿਮਾਚਲ ਤੇ ਹਰਿਆਣਾ 'ਚ ਉਨ੍ਹਾਂ ਦੇ ਦਫ਼ਤਰ ਹਨ। ਦੱਸਿਆ ਜਾਂਦਾ ਹੈ ਕਿ ਸੀਬਆਈ ਨੇ ਵਿਚੋਲੇ ਨੂੰ ਉਦੋਂ ਗ੍ਰਿਫਤਾਰ ਕੀਤਾ ਸੀ, ਜਦੋਂ ਉਹ ਕਥਿਤ ਤੌਰ 'ਤੇ ਰਿਸ਼ਵਤ ਲੈ ਰਿਹਾ ਸੀ। ਪੁੱਛਗਿੱਛ ਦੌਰਾਨ, ਦਲਾਲਾਂ ਨੇ ਦੱਸਿਆ ਕਿ ਰਿਸ਼ਵਤ ਕਥਿਤ ਤੌਰ 'ਤੇ ਉਕਤ ਅਧਿਕਾਰੀ ਵਾਸਤੇ ਲਈ ਸੀ।
ਟਿਕਾਣਿਆਂ 'ਤੇ ਜਾਂਚ
ਸੀਬੀਆਈ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਏ ਚੰਦਰਸ਼ੇਖ਼ਰ ਨੂੰ ਲੈ ਕੇ ਸੀਬੀਆਈ ਦੀ ਟੀਮ ਸ਼ਹਿਰ ਪਹੁੰਚੀ ਸੀ। ਟੀਮ ਨੇ ਉਨ੍ਹਾਂ ਦੇ ਵੱਖ-ਵੱਖ ਟਿਕਾਣਿਆਂ 'ਤੇ ਤਿੰਨ ਤੋਂ ਚਾਰ ਘੰਟੇ ਤਕ ਜਾਂਚ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਸੀਬੀਆਈ ਦੀ ਟੀਮ ਉਸ ਨੂੰ ਲੈ ਕੇ ਦਿੱਲੀ ਵਾਪਸ ਚਲੀ ਗਈ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



