ਅਬੋਹਰ (ਇੰਦਰਜੀਤ ਸਿੰਘ ਚਾਹਲ) : ਪੰਜਾਬ ਪੁਲਿਸ 'ਚ ਤਾਇਨਾਤ ਐੱਸਆਈ ਦੇ ਪੁੱਤਰ ਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਿਸ ਨੇ ਲਾਸ਼ ਕਬਜ਼ੇ 'ਚ ਲੈ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾ ਦਿੱਤੀ। ਮਿਲੀ ਜਾਣਕਾਰੀ ਅਨੁਸਾਰ ਫਾਜ਼ਿਲਕਾ ਦੇ ਐੱਸਐੱਸਪੀ ਦਫਤਰ ਵਿਚਲੇ ਇਲੈਕਸ਼ਨ ਦਫਤਰ 'ਚ ਤਾਇਨਾਤ ਤੇ ਸਥਾਨਕ ਗੁਰੂ ਕਿਰਪਾ ਕਾਲੋਨੀ ਵਾਸੀ ਐੱਸਆਈ ਬਲਜੀਤ ਸਿੰਘ ਐਤਵਾਰ ਸ਼ਾਮ ਨੂੰ ਆਪਣੀ ਪਤਨੀ ਨਾਲ ਬਾਜ਼ਾਰ ਸਬਜ਼ੀ ਖ਼ਰੀਦਣ ਲਈ ਗਿਆ ਸੀ। ਉਸ ਦਾ 25 ਸਾਲਾ ਪੁੱਤਰ ਨਵਜੋਤ ਸਿੰਘ ਘਰ 'ਕੱਲ੍ਹਾ ਹੀ ਸੀ।
ਬਲਜੀਤ ਸਿੰਘ ਬਾਜ਼ਾਰੋਂ ਹੀ ਕਿਸੇ ਹੋਰ ਕੰਮ ਚਲਾ ਗਿਆ ਜਦੋਂਕਿ ਉਸ ਦੀ ਪਤਨੀ ਘਰ ਵਾਪਸ ਆ ਗਈ। ਜਦੋਂ ਉਹ ਘਰ ਆ ਕੇ ਨਵਜੋਤ ਦੇ ਕਮਰੇ 'ਚ ਗਈ ਤਾਂ ਨਵਜੋਤ ਖ਼ੂਨ ਨਾਲ ਲਥਪਥ ਬਿਸਤਰੇ 'ਤੇ ਪਿਆ ਸੀ। ਬਾਅਦ 'ਚ ਪਤਾ ਲੱਗਾ ਕਿ ਉਸ ਨੇ ਆਪਣੇ ਪਿਤਾ ਦੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ 'ਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਹੈ। ਮਾਂ ਦੇ ਰੋਣ ਦੀ ਆਵਾਜ਼ ਸੁਣ ਕੇ ਆਂਢ-ਗੁਆਂਢ ਦੇ ਲੋਕ ਵੀ ਪੁੱਜ ਗਏ, ਜਿਸ ਤੋਂ ਬਾਅਦ ਇਸ ਗੱਲ ਦੀ ਸੂਚਨਾ ਨਵਜੋਤ ਦੇ ਪਿਤਾ ਬਲਜੀਤ ਸਿੰਘ ਤੇ ਪੁਲਿਸ ਨੂੰ ਦਿੱਤੀ ਗਈ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਨਗਰ ਥਾਣੇ ਦੇ ਐੱਸਐੱਚਓ ਜਤਿੰਦਰ ਸਿੰਘ ਤੇ ਡੀਐੱਸਪੀ ਕੁਲਦੀਪ ਸਿੰਘ ਭੁੱਲਰ ਮੌਕੇ 'ਤੇ ਪੁੱਜੇ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ 'ਚ ਰਖਵਾਇਆ। ਪੁਲਿਸ ਨੇ ਮਿ੍ਰਤਕ ਨਵਜੋਤ ਦੇ ਮਾਪਿਆਂ ਦੇ ਬਿਆਨਾਂ 'ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਮਾਮਲੇ ਦੀ ਜਾਂਚ ਏਐੱਸਆਈ ਗੁਰਨਾਮ ਸਿੰਘ ਕਰ ਰਹੇ ਹਨ।
ਮਾਪਿਆਂ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਮੁਤਾਬਕ ਨਵਜੋਤ ਸਿੰਘ ਨੇ ਆਈਲੈਟਸ ਪਾਸ ਕਰ ਲਿਆ ਹੋਇਆ ਸੀ। ਨਵਜੋਤ ਕੈਨੇਡਾ ਜਾਣਾ ਚਾਹੁੰਦਾ ਸੀ, ਇਸ ਲਈ ਉਸ ਨੇ ਦੋ ਵਾਰ ਅਪਲਾਈ ਕੀਤੀ ਸੀ ਪਰ ਕਿਸੇ ਕਾਰਨ ਦੋਵੇਂ ਵਾਰ ਹੀ ਉਸ ਦਾ ਵੀਜ਼ਾ ਨਹੀਂ ਲੱਗਾ ਸੀ। ਇਸ ਕਾਰਨ ਉਹ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪਰੇਸ਼ਾਨ ਰਹਿਣ ਲੱਗਾ ਸੀ। ਨਵਜੋਤ ਦੀ ਇਕ ਭੈਣ ਹੈ, ਜਿਸ ਦਾ ਵਿਆਹ ਚਾਰ ਮਹੀਨੇ ਪਹਿਲਾਂ ਹੀ ਕੀਤਾ ਗਿਆ ਸੀ।



