ਇੰਡੋਨੇਸ਼ੀਆ ’ਚ ਭੁਚਾਲ ਨਾਲ 34 ਮੌਤਾਂ; ਗਿਣਤੀ ਵਧਣ ਦਾ ਖ਼ਤਰਾ

by vikramsehajpal

ਮਮੂਜੂ (ਦੇਵ ਇੰਦਰਜੀਤ )- ਇੰਡੋਨੇਸ਼ੀਆ ਵਿਚ ਭੁਚਾਲ ਕਾਰਨ 34 ਲੋਕ ਮਾਰੇ ਗਏ ਹਨ। ਸੁਲਾਵੇਸੀ ਟਾਪੂ ਵਿਚ ਆਏ ਭੁਚਾਲ ਨਾਲ ਘਰ ਤੇ ਇਮਾਰਤਾਂ ਢਹਿ-ਢੇਰੀ ਹੋ ਗਈਆਂ। ਕਈ ਥਾਈਂ ਜ਼ਮੀਨ ਵੀ ਖ਼ਿਸਕ ਗਈ ਹੈ। ਰਿਕਟਰ ਪੈਮਾਨੇ ਉਤੇ ਭੁਚਾਲ ਦੀ ਤੀਬਰਤਾ 6.2 ਮਾਪੀ ਗਈ ਹੈ। ਕਰੀਬ 600 ਤੋਂ ਵੱਧ ਲੋਕ ਜ਼ਖ਼ਮੀ ਵੀ ਹੋਏ ਹਨ। ਭੁਚਾਲ ਅੱਧੀ ਰਾਤ ਤੋਂ ਬਾਅਦ ਆਇਆ ਤੇ ਲੋਕ ਹਨੇਰੇ ਵਿਚ ਘਰੋਂ ਭੱਜਣ ਲਈ ਮਜਬੂਰ ਹੋ ਗਏ। ਹਾਲੇ ਤੱਕ ਪੂਰੇ ਨੁਕਸਾਨ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਿਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਬਹੁਤ ਸਾਰੇ ਲੋਕ ਮਲਬੇ ਹੇਠ ਦੱਬੇ ਹੋਏ ਹਨ। ਹਜ਼ਾਰਾਂ ਲੋਕਾਂ ਨੂੰ ਆਰਜ਼ੀ ਆਸਰੇ ਮੁਹੱਈਆ ਕਰਵਾਏ ਗਏ ਹਨ।

ਮੀਡੀਆ ਰਿਪੋਰਟ ਮੁਤਾਬਕ ਕਰੀਬ 300 ਘਰਾਂ ਨੂੰ ਨੁਕਸਾਨ ਪੁੱਜਾ ਹੈ। ਕਈ ਖੇਤਰਾਂ ਵਿਚ ਬਿਜਲੀ ਨਹੀਂ ਹੈ ਤੇ ਫੋਨ ਵੀ ਕੱਟੇ ਗਏ ਹਨ। ਇਲਾਕੇ ਵਿਚ ਸਥਿਤ ਗਵਰਨਰ ਦਾ ਘਰ ਵੀ ਢਹਿ ਗਿਆ ਹੈ। ਰਾਹਤ ਤੇ ਬਚਾਅ ਕਾਰਜ ਕੀਤੇ ਜਾ ਰਹੇ ਹਨ। ਰਾਸ਼ਟਰਪਤੀ ਜੋਕੋ ਵਿਡੋਡੋ ਨੇ ਹੰਗਾਮੀ ਖੋਜ ਤੇ ਬਚਾਅ ਕਾਰਜਾਂ ਬਾਰੇ ਕੈਬਨਿਟ, ਫ਼ੌਜੀ-ਪੁਲੀਸ ਤੇ ਪ੍ਰਸ਼ਾਸਕੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਹੈ। ਦੋ ਸਮੁੰਦਰੀ ਜਹਾਜ਼ ਵੀ ਲੋੜੀਂਦੀ ਰਾਹਤ ਤੇ ਬਚਾਅ ਸਮੱਗਰੀ ਨਾਲ ਪ੍ਰਭਾਵਿਤ ਖੇਤਰ ਵੱਲ ਭੇਜੇ ਗਏ ਹਨ। ਜ਼ਿਆਦਾਤਰ ਲੋਕ ਭੁਚਾਲ ਆਉਣ ਵੇਲੇ ਸੌਂ ਰਹੇ ਸਨ ਤੇ ਇਮਾਰਤਾਂ ਵਿਚੋਂ ਬਾਹਰ ਨਹੀਂ ਨਿਕਲ ਸਕੇ। ਅਧਿਕਾਰੀਆਂ ਮੁਤਾਬਕ ਸੁਨਾਮੀ ਦਾ ਖ਼ਤਰਾ ਫ਼ਿਲਹਾਲ ਨਹੀਂ ਹੈ।

More News

NRI Post
..
NRI Post
..
NRI Post
..