ਕੈਬਨਿਟ ਦੀ ਫੇਰਬਦਲ ਨੂੰ ਲੈ ਕੈਪਟਨ ਨੂੰ ਸੋਨੀਆ ਗਾਂਧੀ ਵਲੋਂ ਹਰੀ ਝੰਡੀ

by vikramsehajpal

ਜਲੰਧਰ (ਦੇਵ ਇੰਦਰਜੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਸ਼ਾਮ ਨੂੰ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕੀਤੀ। ਕਰੀਬ ਇਕ ਘੰਟੇ ਤੱਕ ਚੱਲੀ ਇਸ ਬੈਠਕ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਰਹੇ। ਕਿਹਾ ਜਾ ਰਿਹਾ ਹੈ ਕਿ ਬੈਠਕ ਦੌਰਾਨ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ 2022 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀ ਰਣਨੀਤੀ ’ਤੇ ਮੰਥਨ ਕੀਤਾ। ਇਸ ਦੇ ਨਾਲ ਹੀ ਪੰਜਾਬ ਦੇ ਮੰਤਰੀ ਮੰਡਲ ਫੇਰਬਦਲ ’ਤੇ ਵੀ ਚਰਚਾ ਕੀਤੀ।

ਸੋਨੀਆ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਮੰਤਰੀ ਮੰਡਲ ’ਚ ਫੇਰਬਦਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ। ਮੰਨਿਆ ਜਾ ਰਿਹਾ ਹੈ ਕਿ ਚੰਡੀਗੜ੍ਹ ਪਰਤਣ ਤੋਂ ਬਾਅਦ ਮੁੱਖ ਮੰਤਰੀ ਅਮਰਿੰਦਰ ਸਿੰਘ ਨਵੇਂ ਮੰਤਰੀਆਂ ਦੇ ਸਹੁੰ ਚੁੱਕਣ ਦੀ ਤਾਰੀਖ਼ ਦਾ ਐਲਾਨ ਕਰ ਸਕਦੇ ਹਨ। ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਨੇ ਵੀ ਕਿਹਾ ਕਿ ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨਾਲ ਦਲਿਤ ਵਰਗ ਨੂੰ ਤਰਜਮਾਨੀ ਦੇਣ ’ਤੇ ਚਰਚਾ ਕੀਤੀ ਹੈ। ਇਸ ’ਤੇ ਛੇਤੀ ਹੀ ਫ਼ੈਸਲਾ ਲਿਆ ਜਾਵੇਗਾ। ਕਿਹਾ ਜਾ ਰਿਹਾ ਹੈ ਕਿ 15 ਅਗਸਤ ਤੋਂ ਬਾਅਦ ਮੰਤਰੀ ਮੰਡਲ ਵਿਚ ਬਦਲਾਅ ਕੀਤਾ ਜਾ ਸਕਦਾ ਹੈ।

ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨਾਲ ਬੈਠਕ ਦੌਰਾਨ ਮੰਤਰੀਆਂ ਦੇ ਰਿਪੋਰਟ ਕਾਰਡ ਸਮੇਤ 18 ਸੂਤਰੀ ਏਜੰਡੇ ’ਤੇ ਵੀ ਰਿਪੋਰਟ ਦਿੱਤੀ। ਫਾਈਲਾਂ ਵਿਚ ਸੌਂਪੀ ਗਈ 18 ਸੂਤਰੀ ਏਜੰਡੇ ’ਤੇ ਤਿਆਰ ਇਸ ਰਿਪੋਰਟ ਵਿਚ ਬਿਜਲੀ ਕੰਪਨੀਆਂ ਦੇ ਸਮਝੌਤੇ ਰੱਦ ਕਰਨ ਦੀ ਸਿਫਾਰਿਸ਼ ਦੇ ਨਾਲ ਬੱਸਾਂ ਦੇ ਪਰਮਿਟ ਨੂੰ ਰਿਵਿਊ ਤੋਂ ਇਲਾਵਾ ਨਸ਼ਾ ਸਮੱਗਲਿੰਗ ਦੇ ਮਾਮਲੇ ਵਿਚ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦਾ ਬਿਓਰਾ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨੂੰ ਦੱਸਿਆ ਕਿ ਪੰਜਾਬ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ ਦੇ 90 ਫ਼ੀਸਦੀ ਤੋਂ ਜ਼ਿਆਦਾ ਵਾਅਦਿਆਂ ਨੂੰ ਪੂਰਾ ਕੀਤਾ ਹੈ ਅਤੇ ਦੇਸ਼ ਵਿਚ ਅਜਿਹਾ ਕਰਨ ਵਾਲੀ ਪਹਿਲੀ ਸਰਕਾਰ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਇੰਚਾਰਜ ਹਰੀਸ਼ ਰਾਵਤ ਨੇ ਵੀ ਕਿਹਾ ਕਿ ਮੁੱਖ ਮੰਤਰੀ ਨੇ ਮੱਲਿਕਾਰਜੁਨ ਕਮੇਟੀ ਵੱਲੋਂ ਪ੍ਰਸਤਾਵਿਤ ਕੀਤੇ ਗਏ 18 ਨੁਕਤਿਆਂ ’ਤੇ ਸਰਕਾਰ ਵੱਲੋਂ ਚੁੱਕੇ ਗਏ ਕਦਮ ਦਾ ਬਿਓਰਾ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਦੇ ਪੱਧਰ ’ਤੇ ਪੇਸ਼ ਆ ਰਹੀਆਂ ਚੁਣੌਤੀਆਂ ’ਤੇ ਚਰਚਾ ਕੀਤੀ ਹੈ। ਇਸ ਕੜੀ ਵਿਚ ਕੈਪਟਨ ਨੇ ਵੱਖ-ਵੱਖ ਮੰਤਰੀਆਂ ਦੀ ਰਿਪੋਰਟ ਵੀ ਸੋਨੀਆ ਗਾਂਧੀ ਨੂੰ ਸੌਂਪੀ ਹੈ। ਇਸ ਵਿਚ ਸਰਕਾਰ ਬਣਨ ਤੋਂ ਹੁਣ ਤੱਕ ਦੇ ਕਾਰਜਕਾਲ ਦੌਰਾਨ ਮੰਤਰੀ ਦੀ ਕਾਰਗੁਜਾਰੀ ਦਾ ਪੂਰਾ ਬਿਓਰਾ ਦਿੱਤਾ ਗਿਆ ਹੈ।

ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਨਰਾਜ਼ਗੀ ਦੇ ਬਾਵਜੂਦ ਕਾਂਗਰਸ ਹਾਈਕਮਾਨ ਵੱਲੋਂ ਨਵਜੋਤ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਸੋਨੀਆ ਗਾਂਧੀ ਨਾਲ ਕੈਪਟਨ ਦੀ ਇਹ ਪਹਿਲੀ ਮੁਲਾਕਾਤ ਹੈ। ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਇਸ ਬੈਠਕ ਦੌਰਾਨ ਨਵਜੋਤ ਸਿੰਘ ਸਿੱਧੂ ਦੀ ਸਰਕਾਰ ਵਿਰੋਧੀ ਬਿਆਨਬਾਜ਼ੀ ਨੂੰ ਲੈ ਕੇ ਸਵਾਲ ਉਠਾ ਸਕਦੇ ਹਨ। ਅਜਿਹਾ ਇਸ ਲਈ ਕਿ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਅਹੁਦੇ ਦੀ ਕੁਰਸੀ ਸੰਭਾਲਣ ਤੋਂ ਬਾਅਦ ਤੋਂ ਹੀ ਨਵਜੋਤ ਸਿੰਘ ਸਿੱਧੂ ਕਾਫ਼ੀ ਹਮਲਾਵਰ ਹਨ। ਉਨ੍ਹਾਂ ਨੇ ਅਹੁਦਾ ਸੰਭਾਲਣ ਦੇ ਤੁਰੰਤ ਬਾਅਦ ਨਾ ਸਿਰਫ਼ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ 5 ਏਜੰਡਿਆਂ ’ਤੇ ਕੰਮ ਕਰਨ ਦਾ ਪੁਲੰਦਾ ਫੜ੍ਹਾਇਆ, ਸਗੋਂ ਬਿਜਲੀ, ਮਾਫ਼ੀਆ ਰਾਜ ਅਤੇ ਡਰੱਗਜ਼ ਦੇ ਮੁੱਦੇ ਨੂੰ ਲੈ ਕੇ ਆਪਣੀ ਹੀ ਸਰਕਾਰ ਨੂੰ ਘੇਰਨ ਵਿਚ ਕੋਈ ਕਸਰ ਨਹੀਂ ਛੱਡੀ ਹੈ।

ਹਾਈਕੋਰਟ ਵਿਚ ਸੀਲਬੰਦ ਨਸ਼ਾ ਸਮੱਗਲਿੰਗ ਦੇ ਮਾਮਲੇ ਦੀ ਜਾਂਚ ਰਿਪੋਰਟ ਖੁੱਲ੍ਹਵਾਉਣ ਲਈ ਸਰਕਾਰ ਨੂੰ ਅਲਟੀਮੇਟਮ ਤੱਕ ਦੇ ਦਿੱਤਾ ਹੈ ਅਤੇ ਕਿਹਾ ਹੈ ਕਿ ਜੇਕਰ ਸਰਕਾਰ ਨੇ ਸੀਲਬੰਦ ਰਿਪੋਰਟ ਖੁੱਲ੍ਹਵਾਉਣ ਲਈ ਕੋਈ ਪਹਿਲ ਨਹੀਂ ਕੀਤੀ ਤਾਂ ਉਹ ਪੰਜਾਬ ਵਿਧਾਨ ਸਭਾ ਵਿਚ ਮਤਾ ਲੈ ਕੇ ਆਉਣਗੇ। ਇਸ ਲਈ ਕਿਹਾ ਜਾ ਰਿਹਾ ਸੀ ਕਿ ਮੁੱਖ ਮੰਤਰੀ ਸਿੱਧੂ ਦੀ ਬਿਆਨਬਾਜ਼ੀ ਨੂੰ ਮੁੱਦਾ ਬਣਾ ਸਕਦੇ ਹਨ ਪਰ ਅਜਿਹਾ ਨਹੀਂ ਹੋਇਆ। ਮੁੱਖ ਮੰਤਰੀ ਨੇ ਇਸ ਮਸਲੇ ’ਤੇ ਚਰਚਾ ਹੀ ਨਹੀਂ ਕੀਤੀ।

ਅਲਬੱਤਾ, ਮੁੱਖ ਮੰਤਰੀ ਨੇ ਸਿੱਧੂ ਦੇ ਨਾਲ ਇਕ ਮੰਚ ’ਤੇ ਆ ਕੇ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਉੱਤਰਨ ਦੀ ਗੱਲ ਕਹੀ। ਹਾਈਕਮਾਨ ਨੇ ਵੀ ਮੁੱਖ ਮੰਤਰੀ ਨੂੰ ਸਿੱਧੂ ਦੇ ਨਾਲ ਮਿਲ ਕੇ ਪੰਜਾਬ ਵਿਧਾਨ ਸਭਾ ਦਾ ਦੁਰਗ ਫ਼ਤਹਿ ਕਰਨ ਦੀ ਰਣਨੀਤੀ ਤਿਆਰ ਕਰਨ ਨੂੰ ਕਿਹਾ ਹੈ। ਰਾਵਤ ਨੇ ਵੀ ਕੈਪਟਨ ਅਤੇ ਸਿੱਧੂ ਵਿਚਕਾਰ ਮਨ ਮੁਟਾਅ ਦੀਆਂ ਚਰਚਾਵਾਂ ਨੂੰ ਵੀ ਸਿਰੇ ਤੋਂ ਖਾਰਿਜ ਕਰ ਦਿੱਤਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਸਿੱਧੂ ਦੇ ਨਾਲ ਮਨ ਮੁਟਾਅ ਨੂੰ ਲੈ ਕੇ ਕੋਈ ਗੱਲ ਨਹੀਂ ਕੀਤੀ ਹੈ।

ਸਵੇਰੇ ਦਿੱਲੀ ਵਿਚ ਕਪੂਰਥਲਾ ਹਾਊਸ ਪੁੱਜਣ ਤੋਂ ਬਾਅਦ ਮੁੱਖ ਮੰਤਰੀ ਨੇ ਆਪਣੇ ਸਾਬਕਾ ਪ੍ਰਧਾਨ ਸਲਾਹਕਾਰ ਪ੍ਰਸ਼ਾਂਤ ਕਿਸ਼ੋਰ ਨਾਲ ਮੁਲਾਕਾਤ ਕੀਤੀ। ਪ੍ਰਸ਼ਾਂਤ ਕਿਸ਼ੋਰ ਕਪੂਰਥਲਾ ਹਾਊਸ ਪੁੱਜੇ ਅਤੇ ਕਾਫ਼ੀ ਦੇਰ ਤੱਕ ਗੱਲਬਾਤ ਦਾ ਦੌਰ ਚੱਲਿਆ। ਹਾਲਾਂਕਿ ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਨਾਲ ਹੋਈ ਗੱਲਬਾਤ ਦਾ ਜਨਤਕ ਤੌਰ ’ਤੇ ਕੋਈ ਜ਼ਿਕਰ ਨਹੀਂ ਕੀਤਾ ਪਰ ਕਿਹਾ ਜਾ ਰਿਹਾ ਹੈ ਕਿ ਇਸ ਮੁਲਾਕਾਤ ਦੌਰਾਨ ਮੁੱਖ ਮੰਤਰੀ ਨੇ 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਕਿਸ਼ੋਰ ਨਾਲ ਸਲਾਹ-ਮਸ਼ਵਰਾ ਕੀਤਾ। ਪ੍ਰਸ਼ਾਂਤ ਕਿਸ਼ੋਰ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਬੇਸ਼ੱਕ ਉਹ ਪ੍ਰਧਾਨ ਸਲਾਹਕਾਰ ਦੀ ਭੂਮਿਕਾ ਵਿਚ ਨਹੀਂ ਹਨ ਪਰ ਉਹ ਲਗਾਤਾਰ ਮੁੱਖ ਮੰਤਰੀ ਦੇ ਸੰਪਰਕ ਵਿਚ ਰਹਿਣਗੇ ਅਤੇ ਜੋ ਵੀ ਸਹਿਯੋਗ ਸੰਭਵ ਹੋਵੇਗਾ, ਉਹ ਦਿੰਦੇ ਰਹਿਣਗੇ।

More News

NRI Post
..
NRI Post
..
NRI Post
..