ਕਪੂਰਥਲਾ ਪ੍ਰਸ਼ਾਸਨ ਦਾ ਮਹਿਲਾ ਸਸ਼ਕਤੀਕਰਨ ਵੱਲ ਇਕ ਵਿਲੱਖਣ ਕਦਮ

by mediateam

ਕਪੂਰਥਲਾ : ਕਪੂਰਥਲਾ ਪ੍ਰਸ਼ਾਸਨ ਵੱਲੋਂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਅੱਜ ਮਹਿਲਾ ਸਸ਼ਕਤੀਕਰਨ ਵੱਲ ਇਕ ਵਿਲੱਖਣ ਕਦਮ ਪੁੱਟਦਿਆਂ ਜ਼ਿਲੇ ਦੇ ਸਵੈ-ਸਹਾਈ ਗਰੁੱਪਾਂ ਨੂੰ ਆਪਣੇ ਤਿਆਰ ਕੀਤੇ ਉਤਪਾਦਾਂ ਦੀ ਵਿਕਰੀ ਲਈ ਜ਼ਿਲਾ ਪੱਧਰ 'ਤੇ ਇਕ ਸਾਂਝਾ ਪਲੇਟਫਾਰਮ ਮੁਹੱਈਆ ਕਰਵਾਇਆ ਗਿਆ। ਮਹਿਲਾਵਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਸੂਬੇ ਵਿਚ ਆਪਣੀ ਤਰਾਂ ਦੇ ਇਸ ਪਹਿਲੇ ਵਿਕਰੀ ਕੇਂਦਰ ਦਾ ਸ਼ੁੱਭ ਆਰੰਭ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਕੀਤਾ ਗਿਆ। ਸਥਾਨਕ ਰੈੱਡ ਕਰਾਸ ਭਵਨ ਵਿਖੇ ਖੋਲੇ ਗਏ 'ਬੀਬੀਆਂ ਦੀ ਆਪਣੀ ਦੁਕਾਨ, ਬਜ਼ਾਰ ਨਾਲੋਂ ਸਸਤਾ ਤੇ ਸ਼ੁੱਧ ਸਾਮਾਨ' ਨਾਂਅ ਦੇ ਇਸ ਵਿਕਰੀ ਕੇਂਦਰ ਵਿਚ ਸਵੈ-ਸਹਾਈ ਗਰੁੱਪਾਂ ਦੀਆਂ ਮਹਿਲਾਵਾਂ ਆਪਣੇ ਤਿਆਰ ਕੀਤੇ ਉਤਪਾਦ ਸਿੱਧੇ ਤੌਰ 'ਤੇ ਵੇਚ ਸਕਣਗੀਆਂ। 

ਇਸ ਮੌਕੇ ਹਾਜ਼ਰ ਸਵੈ-ਸਹਾਈ ਗਰੁੱਪਾਂ ਦੀਆਂ ਪ੍ਰਤੀਨਿਧ ਮਹਿਲਾਵਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 'ਘਰ-ਘਰ ਰੋਜ਼ਗਾਰ ਮਿਸ਼ਨ' ਤਹਿਤ ਜਿਥੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਡੀ ਪੱਧਰ 'ਤੇ ਨੌਕਰੀਆਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਉਥੇ ਆਪਣੇ ਕੰਮ-ਧੰਦੇ ਸ਼ੁਰੂ ਕਰਵਾ ਕੇ ਸਵੈ-ਰੁਜ਼ਗਾਰ ਵੱਲ ਵੀ ਤੋਰਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਵਧੀਆ ਉਤਪਾਦ ਤਿਆਰ ਕਰਨੇ ਇਕ ਮੁਸ਼ਕਿਲ ਕੰਮ ਹੈ ਅਤੇ ਉਸ ਤੋਂ ਵੀ ਵੱਡਾ ਮੁਸ਼ਕਿਲ ਦਾ ਕੰਮ ਉਨਾਂ ਦੀ ਮਾਰਕੀਟਿੰਗ ਕਰਨਾ ਹੈ, ਪਰੰਤੂ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਦੀ ਅਗਵਾਈ ਹੇਠ ਕਪੂਰਥਲਾ ਪ੍ਰਸ਼ਾਸਨ ਨੇ ਇਹ ਕੰਮ ਵੀ ਕਰ ਵਿਖਾਇਆ ਹੈ, ਜੋ ਕਿ ਪੰਜਾਬ ਵਿਚ ਅਜਿਹਾ ਪਹਿਲਾ ਉਪਰਾਲਾ ਹੈ। ਉਨਾਂ ਇਸੇ ਤਰਜ਼ 'ਤੇ ਇਕ ਬਿਹਤਰੀਨ ਫੂਡ ਹੱਬ ਖੋਲਣ ਦਾ ਵੀ ਸੁਝਾਅ ਦਿੱਤਾ। ਉਨਾਂ ਕਿਹਾ ਕਿ ਸਾਰਾ ਵਿਸ਼ਵ ਹਰੇਕ ਸਾਲ 8 ਮਾਰਚ ਨੂੰ ਕੌਮਾਂਤਰੀ ਮਹਿਲਾ ਦਿਵਸ ਮਨਾਉਂਦਾ ਹੈ, ਪਰੰਤੂ ਅਸਲ ਅਰਥਾਂ ਵਿਚ ਮਹਿਲਾ ਸਸ਼ਕਤੀਕਰਨ ਸਿਰਫ ਉਦੋਂ ਹੀ ਹੁੰਦਾ ਹੈ, ਜਦੋਂ ਮਹਿਲਾਵਾਂ ਆਰਥਿਕ ਤੌਰ 'ਤੇ ਆਜ਼ਾਦ ਹੁੰਦੀਆਂ ਹਨ ਅਤੇ 'ਬੀਬੀਆਂ ਦੀ ਆਪਣੀ ਦੁਕਾਨ' ਅਸਲ ਵਿਚ ਇਸ ਦਿਸ਼ਾ ਵੱਲ ਇਕ ਵੱਡਾ ਕਦਮ ਹੈ। 

ਇਸ ਸਾਲ ਫਰਵਰੀ ਵਿਚ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਪੰਜਾਬ ਦੇ ਡਾਇਰੈਕਟਰ (ਉਦਯੋਗ) ਵਜੋਂ ਕੰਮ ਕਰ ਚੁੱਕੇ ਇੰਜ: ਡੀ. ਪੀ. ਐਸ ਖਰਬੰਦਾ ਨੇ ਇਸ ਮੌਕੇ ਕਿਹਾ ਕਿ ਪੰਜਾਬ ਸਰਕਾਰ ਸਵੈ-ਰੁਜ਼ਗਾਰ ਦੇ ਜ਼ਰੀਏ ਰੁਜ਼ਗਾਰ ਪੈਦਾ ਕਰਨ 'ਤੇ ਧਿਆਨ ਕੇਂਦਰਿਤ ਕਰ ਰਹੀ ਹੈ। ਉਨਾਂ ਕਿਹਾ ਕਿ ਬਹੁਤ ਸਾਰੇ ਸਵੈ-ਸਹਾਈ ਗਰੁੱਪ ਬੇਹੱਦ ਮਿਹਨਤ ਨਾਲ ਵੱਖ-ਵੱਖ ਤਰਾਂ ਦੇ ਉਤਪਾਦ ਤਿਆਰ ਕਰਦੇ ਹਨ, ਪਰੰਤੂ ਇਨਾਂ ਦੀ ਵਿਕਰੀ ਵਿਚ ਉਨਾਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਉਨਾਂ ਦੀ ਇਸ ਮੁਸ਼ਕਿਲ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਵੱਲੋਂ ਉਨਾਂ ਨੂੰ ਜ਼ਿਲਾ ਪੱਧਰ 'ਤੇ ਇਹ ਸਾਂਝਾ ਪਲੇਟਫਾਰਮ ਮੁਫ਼ਤ ਵਿਚ ਮੁਹੱਈਆ ਕਰਵਾਇਆ ਗਿਆ ਹੈ, ਜਿਥੇ ਉਹ ਆਪਣੇ ਤਿਆਰ ਉਤਪਾਦ ਵੇਚ ਸਕਦੇ ਹਨ। ਉਨਾਂ ਕਿਹਾ ਕਿ ਇਸ ਪ੍ਰਾਜੈਕਟ ਦੀ ਕਾਮਯਾਬੀ ਤੋਂ ਬਾਅਦ ਸਬ-ਡਵੀਜ਼ਨ, ਬਲਾਕ ਅਤੇ ਸਬ-ਤਹਿਸੀਲ ਪੱਧਰ 'ਤੇ ਵੀ ਅਜਿਹੇ ਵਿਕਰੀ ਕੇਂਦਰ ਖੋਲੇ ਜਾਣਗੇ।

ਉਨਾਂ ਕਿਹਾ ਕਿ ਤਿਆਰ ਉਤਪਾਦਾਂ ਨੂੰ ਇਥੇ ਲਿਆਉਣ ਲਈ ਟ੍ਰਾਂਸਪੋਰਟ ਦੀ ਸਹੂਲਤ ਵੀ ਮੁਹੱਈਆ ਕਰਵਾਈ ਜਾਵੇਗੀ।  ਉਨਾਂ ਦੱਸਿਆ ਕਿ ਇਸ ਵਿਕਰੀ ਕੇਂਦਰ ਵਿਚ 90 ਤੋਂ ਵੱਧ ਉਤਪਾਦ ਰੱਖੇ ਗਏ ਹਨ, ਜਿਨਾਂ ਵਿਚ ਖਾਣ-ਪੀਣ ਅਤੇ ਦਸਤਕਾਰੀ ਦੀਆਂ ਚੀਜ਼ਾਂ ਤੋਂ ਇਲਾਵਾ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਵਸਤਾਂ ਸ਼ਾਮਿਲ ਹਨ। ਉਨਾਂ ਦੱਸਿਆ ਕਿ ਵਿਕਰੀ ਕੇਂਦਰ ਵਿਚ ਦੋ ਸੇਲਜ਼ ਗਰਲਜ਼ ਦੀ ਵੀ ਤਾਇਨਾਤੀ ਕੀਤੀ ਗਈ ਹੈ। ਉਨਾਂ ਕਿਹਾ ਕਿ ਇਸ ਕੇਂਦਰ ਦੀ ਸ਼ੁਰੂਆਤ ਨਾਲ ਜਿਥੇ ਸਵੈ-ਸਹਾਈ ਗਰੁੱਪਾਂ ਦੀਆਂ ਮਹਿਲਾਵਾਂ ਦਾ ਆਰਥਿਕ ਪੱਧਰ ਉੱਚਾ ਹੋਵੇਗਾ, ਉਥੇ ਜ਼ਿਲਾ ਵਾਸੀਆਂ ਨੂੰ ਵਧੀਆ ਕੁਆਲਿਟੀ ਦੇ ਉਤਪਾਦ ਬਾਜ਼ਾਰ ਨਾਲੋਂ ਸਸਤੀਆਂ ਦਰਾਂ 'ਤੇ ਉਪਲਬੱਧ ਹੋਣਗੇ। ਉਨਾਂ ਕਿਹਾ ਕਿ ਆਪਣੇ ਕੰਮ-ਧੰਦੇ ਸ਼ੁਰੂ ਕਰਨ ਦੀਆਂ ਇਛੁੱਕ ਮਹਿਲਾਵਾਂ ਨੂੰ 33 ਫੀਸਦੀ ਸਬਸਿਡੀ 'ਤੇ ਕਰਜ਼ ਮੁਹੱਈਆ ਕਰਵਾਏ ਜਾਣਗੇ। 

ਇਸ ਮੌਕੇ ਸਾਬਕਾ ਵਿਧਾਇਕਾ ਸ੍ਰੀਮਤੀ ਰਾਜਬੰਸ ਕੌਰ ਰਾਣਾ, ਐਸ. ਐਸ. ਪੀ ਕਪੂਰਥਲਾ ਸ੍ਰੀ ਸਤਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਹੁਲ ਚਾਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਸਹਾਇਕ ਕਮਿਸ਼ਨਰ ਡਾ. ਸ਼ਿਖਾ ਭਗਤ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਐਸ. ਡੀ. ਐਮ ਭੁਲੱਥ ਸ. ਸਕੱਤਰ ਸਿੰਘ ਬੱਲ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਤਹਿਸੀਲਦਾਰ ਕਪੂਰਥਲਾ ਸ. ਮਨਵੀਰ ਸਿੰਘ ਢਿੱਲੋਂ, ਸਕੱਤਰ ਜ਼ਿਲਾ ਪ੍ਰੀਸ਼ਦ ਸ੍ਰੀ ਗੁਰਦਰਸ਼ਨ ਕੁੰਡਲ, ਚੀਫ ਐਲ. ਡੀ. ਐਮ ਸ੍ਰੀ ਦਰਸ਼ਨ ਲਾਲ ਭੱਲਾ, ਡੀ. ਡੀ. ਐਮ ਨਾਬਾਰਡ ਸ੍ਰੀ ਰਾਕੇਸ਼ ਵਰਮਾ, ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਅੰਮ੍ਰਿਤਾ ਸਿੰਘ, ਸਕੱਤਰ ਰੈੱਡ ਕਰਾਸ ਸ੍ਰੀ ਆਰ. ਸੀ ਬਿਰਹਾ, ਜ਼ਿਲਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀ ਗੁਲਬਰਗ ਲਾਲ, ਡਿਪਟੀ ਈ. ਐਸ. ਏ ਸ੍ਰੀਮਤੀ ਰਾਣੀ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਕੰਵਲਜੀਤ ਸਿੰਘ, ਉੱਪ ਜ਼ਿਲਾ ਸਿੱਖਿਆ ਅਫ਼ਸਰ (ਸ) ਸ. ਬਿਕਰਮ ਜੀਤ ਸਿੰਘ, ਏ. ਈ. ਟੀ. ਸੀ ਸ੍ਰੀਮਤੀ ਦਰਬੀਰ ਰਾਜ, ਸੀ. ਡੀ. ਪੀ. ਓ ਸ੍ਰੀਮਤੀ ਸਨੇਹ ਲਤਾ, ਬੀ. ਡੀ. ਪੀ. ਓ ਫਗਵਾੜਾ ਸ੍ਰੀ ਹਰਬਲਾਸ, ਬੀ. ਡੀ. ਪੀ. ਓ ਢਿਲਵਾਂ ਤੇ ਨਡਾਲਾ ਸ੍ਰੀ ਸਮਸ਼ੇਰ ਸਿੰਘ, ਖੇਤੀਬਾੜੀ ਅਫ਼ਸਰ ਕਪੂਰਥਲਾ ਸ੍ਰੀ ਅਸ਼ਵਨੀ ਕੁਮਾਰ, ਮਹਿਲਾ ਵਿਕਾਸ ਅਫ਼ਸਰ ਸ੍ਰੀਮਤੀ ਹਰਪ੍ਰੀਤ ਕੌਰ, ਸ. ਦਵਿੰਦਰ ਪਾਲਿ ਸਿੰਘ ਆਹੂਜਾ, ਮੈਡਮ ਦੀਪਿਕਾ, ਸ੍ਰੀਮਤੀ ਸੁਨੀਤਾ ਸਿੰਘ, ਸ੍ਰੀ ਸਾਹਿਲ ਓਬਰਾਏ, ਸ੍ਰੀ ਜੋਗਾ ਸਿੰਘ ਅਟਵਾਲ ਤੇ ਹੋਰ ਹਾਜ਼ਰ ਸਨ।  

More News

NRI Post
..
NRI Post
..
NRI Post
..