ਕੋਰੋਨਾ ਤੋਂ ਬਾਅਦ ਹੁਣ ਪੰਜਾਬ ‘ਚ ਡੇਂਗੂ ਦਾ ਖ਼ਤਰਾ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਜ਼ਿਲ੍ਹੇ ਭਰ ’ਚ ਡੇਂਗੂ ਮੱਛਰ ਅਤੇ ਪਲੇਟਲੈੱਟਸ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਸੈਂਕੜੇ ਦੇ ਕਰੀਬ ਮੰਨੀ ਜਾ ਸਕਦੀ ਹੈ। ਇਹ ਗਿਣਤੀ ਰੋਜ਼ਾਨਾ ਵੱਧਦੀ ਨਜ਼ਰ ਆ ਰਹੀ ਹੈ। ਡੇਂਗੂ ਬੀਮਾਰੀ ਦੇ ਸ਼ਿਕਾਰ ਹੋ ਚੁੱਕੇ ਲੋਕ ਕੋਰੋਨਾ ਦੇ ਡਰ ਕਾਰਨ ਆਪਣਾ ਇਲਾਜ ਸਿਵਲ ਹਸਪਤਾਲ ਤੋਂ ਕਰਵਾਉਣ ਦੀ ਬਜਾਏ ਗਲੀਆਂ ਮੁਹੱਲਿਆਂ ’ਚ ਮੌਜੂਦ 5ਵੀਂ ਪਾਸ ਡਾਕਟਰਾਂ ਤੋਂ ਕਰਵਾਉਂਦੇ ਨਜ਼ਰ ਆ ਰਹੇ ਹਨ।

ਪਹਿਲਾਂ ਕੋਰੋਨਾ ਮਹਾਮਾਰੀ ਨੇ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਹਾਲ ਕੀਤਾ ਹੋਇਆ ਹੈ ਅਤੇ ਹੁਣ ਡੇਂਗੂ ਦੇ ਤਿੱਖੇ ਡੰਗ ਨੇ ਲੋਕਾਂ ਨੂੰ ਬੈੱਡਾਂ ਉੱਪਰ ਲੇਟਣ ਲਈ ਮਜਬੂਰ ਕਰ ਦਿੱਤਾ ਹੈ। ਜ਼ਿਲ੍ਹਾ ਵਾਸੀ ਡੇਂਗੂ ਮੱਛਰ ਅਤੇ ਘੱਟ ਰਹੇ ਪਲੇਟਲੈਟ ਸੈੱਲਾਂ ਤੋਂ ਬਹੁਤ ਪ੍ਰੇਸ਼ਾਨ ਚੱਲ ਰਹੇ ਹਨ, ਜੋ ਆਪਣਾ ਇਲਾਜ ਮਾਹਿਰ ਡਾਕਟਰਾਂ ਤੋਂ ਕਰਵਾਉਣ ਦੀ ਬਜਾਏ ਝੋਲਾ ਛਾਪ ਡਾਕਟਰਾਂ ਤੋਂ ਕਰਵਾ ਰਹੇ ਹਨ। ਅਜਿਹਾ ਕਰਕੇ ਜਿਥੇ ਉਹ ਸਿਹਤ ਵਿਭਾਗ ਦੀਆਂ ਅੱਖਾਂ ’ਚ ਘੱਟਾ ਪਾ ਰਹੇ ਹਨ, ਉਥੇ ਮਰੀਜ਼ਾਂ ਨੂੰ ਲੁੱਟਣ ਦਾ ਬਾਖੂਬੀ ਕੰਮ ਕਰ ਰਹੇ ਹਨ।

ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਅਨੁਸਾਰ ਡੇਂਗੂ ਮਰੀਜ਼ਾਂ ਦੀ ਗਿਣਤੀ ਇਸ ਵੇਲੇ ਭਾਵੇਂ 5 ਦੱਸੀ ਜਾ ਰਹੀ ਹੈ ਪਰ ਅਸਲ ’ਚ ਡੇਂਗੂ ਅਤੇ ਪਲੇਟਲੈੱਟਸ ਦੀ ਘਾਟ ਤੋਂ ਪ੍ਰੇਸ਼ਾਨ ਮਰੀਜ਼ਾਂ ਦੀ ਗਿਣਤੀ ਜ਼ਿਲ੍ਹੇ ਅੰਦਰ ਸੈਂਕੜੇ ਦੱਸੀ ਜਾ ਰਹੀ ਹੈ।