ਕਾਨਪੁਰ (ਰਾਘਵ) : ਤੁਰਕੀ ਖਿਲਾਫ ਵਧਦੇ ਵਿਰੋਧ ਅਤੇ ਤਾਜ਼ਾ ਵਿਵਾਦਾਂ ਵਿਚਾਲੇ ਉੱਤਰ ਪ੍ਰਦੇਸ਼ ਦੀ ਪ੍ਰਮੁੱਖ ਵਿਦਿਅਕ ਸੰਸਥਾ ਕਾਨਪੁਰ ਯੂਨੀਵਰਸਿਟੀ (ਛਤਰਪਤੀ ਸ਼ਾਹੂ ਜੀ ਮਹਾਰਾਜ ਯੂਨੀਵਰਸਿਟੀ) ਨੇ ਇਕ ਵੱਡਾ ਫੈਸਲਾ ਲੈਂਦਿਆਂ ਤੁਰਕੀ ਦੀ ਇਸਤਾਂਬੁਲ ਯੂਨੀਵਰਸਿਟੀ ਨਾਲ ਸਮਝੌਤਾ ਰੱਦ ਕਰ ਦਿੱਤਾ ਹੈ। ਇਸ ਫੈਸਲੇ ਨੂੰ ਵਿਦੇਸ਼ ਨੀਤੀ ਅਤੇ ਰਾਸ਼ਟਰੀ ਸੁਰੱਖਿਆ ਦੇ ਨਜ਼ਰੀਏ ਤੋਂ ਵੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਇਹ ਸਮਝੌਤਾ ਵਿਦਿਅਕ ਅਤੇ ਸੱਭਿਆਚਾਰਕ ਅਦਾਨ-ਪ੍ਰਦਾਨ ਲਈ ਕੀਤਾ ਗਿਆ ਸੀ, ਜਿਸ ਤਹਿਤ ਦੋਵਾਂ ਯੂਨੀਵਰਸਿਟੀਆਂ ਦੇ ਵਿਦਿਆਰਥੀ ਅਤੇ ਫੈਕਲਟੀ ਆਪਸੀ ਮੁਲਾਕਾਤਾਂ ਅਤੇ ਖੋਜ ਪ੍ਰੋਗਰਾਮਾਂ ਵਿੱਚ ਹਿੱਸਾ ਲੈ ਸਕਦੇ ਹਨ। ਹਾਲਾਂਕਿ ਪਿਛਲੇ ਕੁਝ ਸਮੇਂ ਤੋਂ ਭਾਰਤ-ਪਾਕਿਸਤਾਨ ਤਣਾਅ ਦਰਮਿਆਨ ਤੁਰਕੀ ਵੱਲੋਂ ਪਾਕਿਸਤਾਨ ਦੇ ਨਾਲ ਖੜ੍ਹੇ ਹੋਣ ਅਤੇ ਪੂਰਾ ਸਮਰਥਨ ਦੇਣ ਕਾਰਨ ਵਿਰੋਧ ਵਧਦਾ ਜਾ ਰਿਹਾ ਸੀ। ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦੇ ਮੱਦੇਨਜ਼ਰ ਕਾਨਪੁਰ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਸਮਝੌਤੇ ਨੂੰ ਰੋਕਣ ਦਾ ਫੈਸਲਾ ਕੀਤਾ ਅਤੇ ਇਸ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ।



