ਭਾਜਪਾ ਵਿਰੁੱਧ ਬੋਲੇ ਡਾ. ਮਨਮੋਹਨ ਸਿੰਘ; ਬ੍ਰਿਟਿਸ਼ ਨੀਤੀ “ਫੁੱਟ ਪਾਓ ਰਾਜ ਕਰੋ” ‘ਤੇ ਆਧਾਰਿਤ ਭਾਜਪਾ ਦਾ ਰਾਸ਼ਟਰਵਾਦ

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ ਚੋਣਾਂ ਲਈ ਤਿੰਨ ਦਿਨ ਬਾਕੀ ਰਹਿ ਗਏ ਹਨ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀਰਵਾਰ ਨੂੰ ਭਾਜਪਾ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਭਾਜਪਾ ਦਾ ਰਾਸ਼ਟਰਵਾਦ "ਫਰਜ਼ੀ ਹੈ ਤੇ ਬ੍ਰਿਟਿਸ਼ ਦੀ "ਫੁੱਟ ਪਾਓ ਤੇ ਰਾਜ ਕਰੋ" ਦੀ ਨੀਤੀ 'ਤੇ ਅਧਾਰਤ ਹੈ। 20 ਫਰਵਰੀ ਦੀਆਂ ਰਾਜ ਚੋਣਾਂ ਦੀ ਪੂਰਵ ਸੰਧਿਆ 'ਤੇ ਇਕ ਵੀਡੀਓ ਸੰਦੇਸ਼ 'ਚ ਮਨਮੋਹਨ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਇਕ ਵਿਸ਼ੇਸ਼ ਮਹੱਤਤਾ ਹੁੰਦੀ ਹੈ। ਦੇਸ਼ ਦੀਆਂ ਸਮੱਸਿਆਵਾਂ ਲਈ ਇਤਿਹਾਸ ਜਾਂ ਸਾਬਕਾ ਪ੍ਰਧਾਨ ਮੰਤਰੀ ਨੂੰ ਦੋਸ਼ੀ ਠਹਿਰਾਉਣ ਨਾਲ ਕੋਈ ਫਾਇਦਾ ਨਹੀਂ ਹੋਵੇਗਾ।

ਪੰਜਾਬ ਦੇ ਲੋਕਾਂ ਨੂੰ ਕਾਂਗਰਸ ਨੂੰ ਵੋਟ ਦੇਣ ਦੀ ਅਪੀਲ ਕਰਦੇ ਹੋਏ ਉਨ੍ਹਾਂ ਕਿਹਾ ਕਿ ਸੂਬੇ ਦੇ ਵਿਕਾਸ, ਕਿਸਾਨੀ ਦੀ ਖੁਸ਼ਹਾਲੀ ਤੇ ਬੇਰੁਜ਼ਗਾਰੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਵਾਲੀ ਇਕੋ ਇਕ ਪਾਰਟੀ ਕਾਂਗਰਸ ਹੈ। ਵੀਰਵਾਰ ਨੂੰ ਇਕ ਵੀਡੀਓ ਸੰਦੇਸ਼ 'ਚ ਸਿੰਘ ਨੇ ਕਿਹਾ ਕਿ ਅਸੀਂ ਕਦੇ ਵੀ ਆਪਣੇ ਸਿਆਸੀ ਫਾਇਦੇ ਲਈ ਦੇਸ਼ ਨੂੰ ਨਹੀਂ ਵੰਡਿਆ। ਅਸੀਂ ਕਦੇ ਵੀ ਸੱਚ ਨੂੰ ਢੱਕਣ ਦੀ ਕੋਸ਼ਿਸ਼ ਨਹੀਂ ਕੀਤੀ। ਅਸੀਂ ਕਦੇ ਵੀ ਦੇਸ਼ ਦੇ ਸਨਮਾਨ ਜਾਂ ਪ੍ਰਧਾਨ ਮੰਤਰੀ ਦੇ ਅਹੁਦੇ ਨੂੰ ਠੇਸ ਨਹੀਂ ਪਹੁੰਚਾਈ। ਅੱਜ ਲੋਕ ਵੰਡੇ ਜਾ ਰਹੇ ਹਨ। 

ਪ੍ਰਧਾਨ ਮੰਤਰੀ ਮੋਦੀ 'ਤੇ ਤਿੱਖਾ ਹਮਲਾ ਕਰਦਿਆਂ ਮਨਮੋਹਨ ਸਿੰਘ ਨੇ ਕਿਹਾ, "ਮੈਨੂੰ ਉਮੀਦ ਹੈ ਕਿ ਸੱਤਾਧਾਰੀਆਂ ਨੂੰ ਹੁਣ ਤੱਕ ਇਹ ਅਹਿਸਾਸ ਹੋ ਗਿਆ ਹੋਵੇਗਾ ਕਿ ਆਗੂਆਂ ਨੂੰ ਗਲ਼ੇ ਲਾਉਣ ਨਾਲ ਦੁਵੱਲੇ ਸਬੰਧਾਂ 'ਚ ਸੁਧਾਰ ਨਹੀਂ ਹੁੰਦਾ। ਸਰਕਾਰ ਨੂੰ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਉਹ ਆਪਣਾ ਚਿਹਰਾ ਬਦਲ ਕੇ ਆਪਣਾ ਕਿਰਦਾਰ ਨਹੀਂ ਬਦਲ ਸਕਦੀ। ਸੱਚਾਈ ਕਿਸੇ ਨਾ ਕਿਸੇ ਰੂਪ 'ਚ ਸਾਹਮਣੇ ਆਉਂਦੀ ਹੈ।