ਅਹਿਮਦਾਬਾਦ ਸੀਰੀਅਲ ਬੰਬ ਧਮਾਕੇ ਮਾਮਲੇ ‘ਚ 13 ਸਾਲਾਂ ਬਾਅਦ ਆਇਆ ਫੈਸਲਾ; 49 ਦੋਸ਼ੀ, 28 ਬਰੀ

by jaskamal

ਨਿਊਜ਼ ਡੈਸਕ (ਜਸਕਮਲ) : ਗੁਜਰਾਤ ਦੇ ਅਹਿਮਦਾਬਾਦ 'ਚ 2008 'ਚ ਹੋਏ ਸੀਰੀਅਲ ਬੰਬ ਧਮਾਕੇ ਦੇ ਮਾਮਲੇ 'ਚ ਅਦਾਲਤ ਨੇ 13 ਸਾਲਾਂ ਬਾਅਦ ਆਪਣਾ ਫੈਸਲਾ ਸੁਣਾਇਆ ਹੈ। ਅਦਾਲਤ ਨੇ ਮਾਮਲੇ 'ਚ 49 ਵਿਅਕਤੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਤੇ 28 ਲੋਕਾਂ ਨੂੰ ਬਰੀ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ 3 ਸਤੰਬਰ ਨੂੰ 13 ਸਾਲ ਪਹਿਲਾਂ ਹੋਏ ਬੰਬ ਧਮਾਕਿਆਂ ਦੇ ਮਾਮਲੇ ਦੀ ਸੁਣਵਾਈ ਪੂਰੀ ਹੋਈ ਸੀ। ਹਾਲਾਂਕਿ ਵਿਸ਼ੇਸ਼ ਅਦਾਲਤ ਨੇ ਇਸ ਮਾਮਲੇ 'ਚ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਲੰਬੀ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ 1100 ਗਵਾਹਾਂ ਦੇ ਬਿਆਨ ਦਰਜ ਕੀਤੇ ਗਏ ਹਨ।

2008 ਦੇ ਅਹਿਮਦਾਬਾਦ ਬੰਬ ਧਮਾਕਿਆਂ 'ਚ 56 ਲੋਕ ਮਾਰੇ ਗਏ ਸਨ । ਇਸ ਮਾਮਲੇ ਦੀ ਸੁਣਵਾਈ ਦਸੰਬਰ 2009 ਤੋਂ ਚੱਲ ਰਹੀ ਸੀ। ਵਿਸ਼ੇਸ਼ ਜੱਜ ਏਆਰ ਪਟੇਲ ਨੇ ਵੀਰਵਾਰ ਨੂੰ ਮਾਮਲੇ ਦੀ ਸੁਣਵਾਈ ਖ਼ਤਮ ਕਰਨ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਕੇਸ ਦਾ ਫੈਸਲਾ ਰਾਖਵਾਂ ਰੱਖ ਲਿਆ। 26 ਜੁਲਾਈ 2008 ਨੂੰ ਅਹਿਮਦਾਬਾਦ ਸ਼ਹਿਰ 'ਚ 70 ਮਿੰਟਾਂ ਦੇ ਅੰਤਰਾਲ ਨਾਲ ਕੁੱਲ 21 ਬੰਬ ਧਮਾਕੇ ਹੋਏ। ਇਨ੍ਹਾਂ ਬੰਬ ਧਮਾਕਿਆਂ 'ਚ 56 ਲੋਕਾਂ ਦੀ ਮੌਤ ਹੋ ਗਈ ਸੀ, ਜਦਕਿ 200 ਦੇ ਕਰੀਬ ਲੋਕ ਜ਼ਖਮੀ ਹੋ ਗਏ ਸਨ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਇੰਡੀਅਨ ਮੁਜਾਹਿਦੀਨ ਨਾਲ ਜੁੜੇ ਲੋਕਾਂ ਨੇ ਇਨ੍ਹਾਂ ਬੰਬ ਧਮਾਕਿਆਂ ਨੂੰ ਅੰਜਾਮ ਦਿੱਤਾ ਸੀ। ਇੰਡੀਅਨ ਮੁਜਾਹਿਦੀਨ ਨੂੰ ਸਿਮੀ ਨਾਲ ਜੁੜਿਆ ਸੰਗਠਨ ਦੱਸਿਆ ਜਾਂਦਾ ਹੈ।

ਇਲਜ਼ਾਮਾਂ ਵਿੱਚ ਇਹ ਵੀ ਕਿਹਾ ਗਿਆ ਸੀ ਕਿ 2002 ਵਿੱਚ ਗੋਧਰਾ ਕਾਂਡ ਤੋਂ ਬਾਅਦ ਹੋਏ ਦੰਗਿਆਂ ਦਾ ਬਦਲਾ ਲੈਣ ਲਈ ਇੰਡੀਅਨ ਮੁਜਾਹਿਦੀਨ ਨੇ ਧਮਾਕੇ ਨੂੰ ਅੰਜਾਮ ਦਿੱਤਾ ਸੀ। ਅਹਿਮਦਾਬਾਦ ਵਿੱਚ ਹੋਏ ਧਮਾਕਿਆਂ ਤੋਂ ਕੁਝ ਦਿਨ ਬਾਅਦ ਪੁਲਿਸ ਨੇ ਸੂਰਤ ਵਿੱਚ ਕਈ ਥਾਵਾਂ ਤੋਂ ਬੰਬ ਬਰਾਮਦ ਕੀਤੇ ਸਨ। ਇਸ ਤੋਂ ਬਾਅਦ ਅਹਿਮਦਾਬਾਦ ਵਿੱਚ 20 ਅਤੇ ਸੂਰਤ ਵਿੱਚ 15 ਐਫਆਈਆਰ ਦਰਜ ਕੀਤੀਆਂ ਗਈਆਂ।