ਅੱਜ ਆਖਾਂ ਵਾਰਿਸ ਸ਼ਾਹ ਨੂੰ ਕਿਤੋਂ ਕਬਰਾਂ ਵਿਚੋਂ ਬੋਲ !
ਤੇ ਅੱਜ ਕਿਤਾਬੇ-ਇਸ਼ਕ ਦਾ ਕੋਈ ਅਗਲਾ ਵਰਕਾ ਫੋਲ !
ਇਕ ਰੋਈ ਸੀ ਧੀ ਪੰਜਾਬ ਦੀ ਤੂੰ ਲਿਖ ਲਿਖ ਮਾਰੇ ਵੈਣ
ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ
ਇਸ ਕਵਿਤਾ ਨੂੰ ਲਿਖਣ ਵਾਲੀ ਇੱਕ ਪੰਜਾਬੀ ਲੇਖਕ, ਕਵੀ, ਨਾਵਲਕਾਰ, ਕਹਾਣੀਕਾਰ ਅਤੇ ਵਾਰਤਕਕਾਰ ਅੰਮ੍ਰਿਤਾ ਪ੍ਰੀਤਮ ਹੈ ,ਉਸਨੂੰ ਪੰਜਾਬੀ ਭਾਸ਼ਾ ਦੇ 20ਵੀਂ ਸਦੀ ਦੇ ਸਭ ਤੋਂ ਅਹਿਮ ਕਵੀਆਂ ਵਿੱਚ ਮੰਨਿਆ ਜਾਂਦਾ ਹੈ। ਛੇ ਦਹਾਕਿਆਂ ਵਿੱਚ ਫੈਲੇ ਆਪਣੇ ਕੈਰੀਅਰ ਦੌਰਾਨ, ਉਸਨੇ ਕਵਿਤਾ, ਨਾਵਲ, ਜੀਵਨੀ, ਨਿਬੰਧ ਆਦਿ ਵਿਧਾਵਾਂ ਦੇ ਅੰਦਰ 100 ਤੋਂ ਵੱਧ ਕਿਤਾਬਾਂ ਲਿਖੀਆਂ ਹਨ। ਇਨ੍ਹਾਂ ਵਿੱਚ ਪੰਜਾਬੀ ਲੋਕ ਗੀਤਾਂ ਦਾ ਇੱਕ ਸੰਗ੍ਰਿਹ ਅਤੇ ਇੱਕ ਆਤਮਕਥਾ ਵੀ ਹੈ। ਉਸਦੀਆਂ ਕਿਤਾਬਾਂ ਨੂੰ ਕਈ ਭਾਰਤੀ ਅਤੇ ਵਿਦੇਸ਼ੀ ਭਾਸ਼ਾਵਾਂ ਵਿੱਚ ਅਨੁਵਾਦ ਵੀ ਕੀਤਾ ਗਿਆ ਹੈ।
ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਮਾਤਾ ਰਾਜ ਦੀ ਕੁੱਖੋਂ ਗੁਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਉਸ ਦੇ ਪਿਤਾ ਇੱਕ ਚੰਗੇ ਛੰਦ ਸ਼ਾਸਤਰੀ ਸਨ। ਅੰਮ੍ਰਿਤਾ ਨੇ ਕਾਫ਼ੀਏ, ਰਦੀਫ਼ ਦੀ ਜਾਣਕਾਰੀ ਅਤੇ ਕਾਵਿ ਰਚਨਾ ਦਾ ਹੋਰ ਮੁੱਢਲਾ ਗਿਆਨ ਆਪਣੇ ਪਿਤਾ ਤੋਂ ਪ੍ਰਾਪਤ ਕੀਤਾ। ਆਪ ਦੀ ਮਾਤਾ ਨੇ ਚਾਰ ਸਾਲ ਦੀ ਉਮਰ ਵਿੱਚ ਇਸ ਦੀ ਕੁੜਮਾਈ ਦੂਰ ਦੇ ਰਿਸ਼ਤੇ ਵਿੱਚ ਭੂਆ ਦੇ ਪੁੱਤਰ ਨਾਲ ਕਰ ਦਿੱਤੀ। ਜਦੋਂ ਇਹ ਗਿਆਰਾਂ ਸਾਲਾਂ ਦੀ ਸੀ ਤਾਂ ਇਸਦੀ ਮਾਂ ਦੀ ਮੌਤ ਹੋ ਗਈ। ਪਿਤਾ ਨੇ 16 ਸਾਲ ਦੀ ਉਮਰ ਵਿੱਚ ਇਨ੍ਹਾਂ ਦੀ ਸ਼ਾਦੀ ਕਰਕੇ ਆਪਣੀ ਪਤਨੀ ਦਾ ਬੋਲ ਪੁਗਾ ਦਿੱਤਾ ਅਤੇ ਆਪਣਾ ਫਰਜ਼ ਨਿਭਾ ਦਿੱਤਾ। ਇਹ ਸ਼ਾਦੀ 1936 ਵਿੱਚ ਪ੍ਰੀਤਮ ਸਿੰਘ ਕਵਾਤੜਾ ਨਾਲ ਹੋਈ।
16 ਸਾਲ ਦੀ ਉਮਰ 'ਚ 1936 ਵਿੱਚ ਅੰਮ੍ਰਿਤਾ ਦਾ ਪ੍ਰੀਤਮ ਸਿੰਘ ਕਵਾਤੜਾ ਨਾਲ ਵਿਆਹ ਹੋਇਆ। ਅੰਮ੍ਰਿਤਾ-ਪ੍ਰੀਤਮ ਦੇ ਦੋ ਬੱਚੇ ਪੁੱਤਰ ਨਵਰਾਜ ਤੇ ਪੁੱਤਰੀ ਕੰਦਲਾ ਹਨ।ਪੰਜਾਬ ਦੇ ਗੁਜਰਾਂਵਾਲੇ ਜ਼ਿਲ੍ਹੇ ਵਿੱਚ ਪੈਦਾ ਹੋਈ ਅੰਮ੍ਰਿਤਾ ਪ੍ਰੀਤਮ ਨੂੰ ਪੰਜਾਬੀ ਭਾਸ਼ਾ ਦੀ ਪਹਿਲੀ ਕਵਿੱਤਰੀ ਮੰਨਿਆ ਜਾਂਦਾ ਹੈ। ਅੰਮ੍ਰਿਤਾ ਨੇ ਆਪਣੇ ਜੀਵਨ 'ਚ 100 ਤੋਂ ਵੱਧ ਕਿਤਾਬਾਂ ਲਿਖੀਆਂ। ਉਨ੍ਹਾਂ ਨੇ 33 ਵਰ੍ਹੇ ਆਪਣਾ ਪੰਜਾਬੀ ਰਸਾਲਾ 'ਨਾਗਮਣੀ' ਸਫ਼ਲਤਾਪੂਰਵਕ ਚਲਾਇਆ।
ਉਮਰ ਦੇ ਆਖਰੀ 40 ਵਰ੍ਹੇ ਉਸ ਨੇ ਇਮਰੋਜ਼ ਨਾਲ ਬਿਤਾਏ। 31 ਅਕਤੂਬਰ, 2005 ਨੂੰ 86 ਸਾਲ ਦੀ ਉਮਰ ਵਿੱਚ ਅੰਮ੍ਰਿਤਾ ਪ੍ਰੀਤਮ ਦਾ ਦੇਹਾਂਤ ਹੋ ਗਿਆ।
ਸਾਹਿਤ ਅਕਾਦਮੀ ਦਾ ਰਾਸ਼ਟਰੀ ਪੁਰਸਕਾਰ ਜਿੱਤਣ ਵਾਲੀ ਅੰਮ੍ਰਿਤਾ ਪਹਿਲੀ ਮਹਿਲਾ ਸੀ ਤੇ ਗਿਆਨਪੀਠ ਪੁਰਸਕਾਰ ਹਾਸਲ ਕਰਨ 'ਚ ਵੀ ਉਹ ਪੰਜਾਬੀ ਲੇਖਕਾਂ 'ਚੋਂ ਮੋਹਰੀ ਰਹੇ। ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮਸ਼੍ਰੀ ਤੇ ਪਦਮ ਵਿਭੂਸ਼ਣ ਜਿਹੇ ਸਨਮਾਨਾਂ ਨਾਲ ਨਿਵਾਜਿਆ। ਅੰਮ੍ਰਿਤਾ ਨੇ ਆਪਣੀਆਂ ਲਿਖਤਾਂ ਬਦਲੇ ਕਈ ਕੌਮਾਂਤਰੀ ਪੁਰਸਕਾਰ ਹਾਸਲ ਕੀਤੇ।
ਅੰਮ੍ਰਿਤਾ ਪ੍ਰੀਤਮ ਇਸ ਜਹਾਨ ਤੋਂ ਰੁਖ਼ਸਤ ਹੋ ਗਈ ਪਰ ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲਿਆਂ ਦੇ ਚੇਤਿਆਂ ਚ ਅੱਜ ਵੀ ਉਹ ਵੱਸੀ ਹੋਈ ਹੈ।



