12 ਘੰਟਿਆਂ ਤੋਂ ਘੱਟ ਸਮੇਂ ‘ਚ ਦੋ ਸਿਆਸਤਦਾਨਾਂ ਦਾ ਕਤਲ, ਦਹਿਸ਼ਤ ‘ਚ ਪ੍ਰਸ਼ਾਸਨ

by jaskamal

ਨਿਊਜ਼ ਡੈਸਕ (ਜਸਕਮਲ) : ਐਤਵਾਰ ਨੂੰ ਅਲਾਪੁਝਾ 'ਚ ਹਮਲਾਵਰਾਂ ਵੱਲੋਂ ਸੋਸ਼ਲ ਡੈਮੋਕਰੇਟਿਕ ਪਾਰਟੀ ਆਫ ਇੰਡੀਆ (SDPI) ਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਦੋ ਸੂਬਾ ਪੱਧਰੀ ਆਗੂ ਮਾਰੇ ਗਏ। ਪੁਲਿਸ ਮੁਤਾਬਕ ਭਾਜਪਾ ਨੇਤਾ ਦੇ ਕਤਲ ਮਾਮਲੇ 'ਚ 11 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ 'ਚੋਂ ਕੁਝ ਦੇ ਇਸ ਮਾਮਲੇ 'ਚ ਸਿੱਧੇ ਤੌਰ 'ਤੇ ਸ਼ਾਮਲ ਹੋਣ ਦਾ ਸ਼ੱਕ ਹੈ। ਸਿਆਸੀ ਕਤਲਾਂ ਤੋਂ ਬਾਅਦ ਜ਼ਿਲ੍ਹੇ 'ਚ ਤਣਾਅ ਵਧ ਗਿਆ ਹੈ ਤੇ ਹੋਰ ਝੜਪਾਂ ਨੂੰ ਟਾਲਣ ਲਈ ਸੀਨੀਅਰ ਪੁਲੀਸ ਅਧਿਕਾਰੀ ਜ਼ਿਲ੍ਹੇ 'ਚ ਪਹੁੰਚ ਗਏ ਹਨ।

12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਦੋ ਸਿਆਸੀ ਕਤਲਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਤੇ ਜ਼ਿਲ੍ਹੇ 'ਚ ਦੋ ਦਿਨਾਂ ਲਈ ਮਨਾਹੀ ਦੇ ਹੁਕਮ (ਧਾਰਾ 144) ਲਾਗੂ ਕਰ ਦਿੱਤੇ ਗਏ। ਐੱਸਡੀਪੀਆਈ ਦੇ ਸੂਬਾ ਸਕੱਤਰ ਸ਼ਾਨ ਕੇਐੱਸ (38) ਦੀ ਸ਼ਨੀਵਾਰ ਰਾਤ ਨੂੰ ਇਕ ਅਣਪਛਾਤੇ ਗਰੋਹ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ 12 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਭਾਜਪਾ ਓਬੀਸੀ ਮੋਰਚਾ ਦੇ ਆਗੂ ਰੰਜੀਤ ਸ੍ਰੀਨਿਵਾਸਨ ਨੂੰ ਐਤਵਾਰ ਨੂੰ ਉਨ੍ਹਾਂ ਦੇ ਘਰ ਦੇ ਬਾਹਰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਸੀ। ਪੁਲਿਸ ਨੇ ਕਿਹਾ ਕਿ ਭਾਜਪਾ ਨੇਤਾ ਸਵੇਰੇ ਸੈਰ ਕਰਨ ਲਈ ਬਾਹਰ ਨਿਕਲਿਆ ਸੀ ਜਦੋਂ ਹਮਲਾਵਰਾਂ ਦੀ ਅੱਠ ਮੈਂਬਰੀ ਟੀਮ ਨੇ ਉਸ 'ਤੇ ਹਮਲਾ ਕਰ ਦਿੱਤਾ ਅਤੇ ਚਾਕੂ ਮਾਰ ਦਿੱਤਾ। ਹਸਪਤਾਲ ਲਿਜਾਂਦੇ ਸਮੇਂ ਉਸ ਦੀ ਮੌਤ ਹੋ ਗਈ।