ਸ੍ਰੀ ਦਰਬਾਰ ਸਾਹਿਬ ਤੋਂ ਬਾਅਦ ਹੁਣ ਕਪੂਰਥਲਾ ‘ਚ ਬੇਅਦਬੀ ਦੀ ਕੋਸ਼ਿਸ਼, ਲੋਕਾਂ ਨੇ ਮੌਕੇ ‘ਤੇ ਫੜਿਆ ਮੁਲਜ਼ਮ, ਕੀਤੀ ਛਿੱਤ ਪਰੇਡ

by jaskamal

ਨਿਊਜ਼ ਡੈਸਕ, ਕਪੂਰਥਲਾ (ਜਸਕਮਲ) : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਵਿਖੇ ਸ਼ਨਿਚਰਵਾਰ ਨੂੰ ਰਾਤ ਦੇ ਦੀਵਾਨਾਂ ਸਮੇਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਸਥਾਨ ’ਤੇ ਦਾਖ਼ਲ ਹੋ ਕੇ ਬੇਅਦਬੀ ਦਾ ਯਤਨ ਕਰਨ ਦੀ ਘਟਨਾ ਤੋਂ ਬਾਅਦ ਹੁਣ ਕਪੂਰਥਲਾ ਵਿਖੇ ਵੀ ਇਕ ਅਜਿਹੇ ਦੁਸ਼ਟ ਨੇ ਐਤਵਾਰ ਨੂੰ ਕਪੂਰਥਲਾ ਦੇ ਪਿੰਡ ਨਿਮਾਜ਼ਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਪਰ ਸੰਗਤ ਨੇ ਉਕਤ ਮੁਲਜ਼ਮ ਨੂੰ ਮੌਕੇ 'ਤੇ ਹੀ ਦਬੋਚ ਲਿਆ। ਗੁੱਚੇ 'ਚ ਆਈ ਸੰਗਤ ਨੇ ਮੁਲਜ਼ਮ ਦੀ ਕੁੱਟਮਾਰ ਕੀਤੀ।

ਇਹ ਮਾਮਲਾ ਕਪੂਰਥਲਾ ਦੇ ਪਿੰਡ ਨਿਜ਼ਾਮਪੁਰ ਦੇ ਗੁਰਦੁਆਰਾ ਸਾਹਿਬ ਤੋਂ ਸਾਹਮਣੇ ਆਇਆ ਹੈ, ਜਿਸ 'ਚ ਇਕ ਨੌਜਵਾਨ ਨੇ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਮੌਕੇ 'ਤੇ ਹੀ ਫੜਿਆ ਗਿਆ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਪਿੰਡ ਵਾਸੀਆਂ ਅਨੁਸਾਰ ਅੱਜ ਸਵੇਰੇ ਚਾਰ ਵਜੇ ਇਕ ਵਿਅਕਤੀ ਗੁਰਦੁਆਰਾ ਸਾਹਿਬ 'ਚ ਨਿਸ਼ਾਨ ਸਾਹਿਬ ਨਾਲ ਛੇੜਛਾੜ ਕਰਦਾ ਦੇਖਿਆ ਗਿਆ, ਜਿਸ ਨੂੰ ਤੁਰੰਤ ਫੜਨ ਦੀ ਕੋਸ਼ਿਸ਼ ਕੀਤੀ ਗਈ ਅਤੇ ਕਰੀਬ 5 ਵਜੇ ਉਸ ਨੂੰ ਕਾਬੂ ਕਰ ਲਿਆ ਗਿਆ। ਪਿੰਡ ਵਾਸੀਆਂ ਅਨੁਸਾਰ ਉਸ ਨੇ ਮੰਨਿਆ ਹੈ ਕਿ ਉਹ ਬੇਅਦਬੀ ਕਰਨ ਦੇ ਮਕਸਦ ਨਾਲ ਆਇਆ ਸੀ, ਹਾਲਾਂਕਿ ਪੁਲਿਸ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ।