ਜਲੰਧਰ: ਜੇਕਰ ਤੁਹਾਨੂੰ ਕੋਈ ਜ਼ਰੂਰੀ ਕੰਮ ਹੈ ਤਾਂ ਸ਼ਹਿਰੋਂ ਬਾਹਰ ਜਾਣਾ ਹੈ ਤਾਂ ਸੋਚ-ਸਮਝ ਕੇ ਹੀ ਘਰੋਂ ਕਦਮ ਪੁੱਟਿਓ। ਬੁੱਧਵਾਰ ਨੂੰ ਪੰਜਾਬ ਸਮੇਤ ਪੂਰੇ ਦੇਸ਼ ਵਿਚ ਟਰੇਡ ਯੂਨੀਅਨਾਂ, ਮਜ਼ਦੂਰਾਂ, ਕਿਸਾਨਾਂ ਤੇ ਮੁਲਾਜ਼ਮਾਂ ਦੀ ਸਾਂਝੀ ਦੇਸ਼ ਪੱਧਰੀ ਹੜਤਾਲ ਕਾਰਨ ਤੁਹਾਨੂੰ ਜਾਮ 'ਚ ਫਸਣਾ ਪੈ ਸਕਦਾ ਹੈ। ਵੱਖ-ਵੱਖ ਸੰਗਠਨਾਂ ਨੇ ਹਾਈਵੇ ਤੇ ਰੇਲਾਂ ਰੋਕਣ ਦਾ ਐਲਾਨ ਕੀਤਾ ਹੋਇਆ ਹੈ।
ਪਨਬਸ ਮੁਲਾਜ਼ਮਾਂ ਦਾ ਬੱਸਾਂ ਨਾ ਚਲਾਉਣ ਦਾ ਐਲਾਨ
ਜਲੰਧਰ 'ਚ ਪਨਬੱਸ ਮੁਲਾਜ਼ਮਾਂ ਨੇ ਵੀ ਹੜਤਾਲ ਨੂੰ ਸਮਰਥਨ ਦਿੰਦੇ ਹੋਏ ਬੱਸਾਂ ਨਾ ਚਲਾਉਣ ਦਾ ਐਲਾਨ ਕਰ ਦਿੱਤਾ ਹੈ। ਇਸ ਦੇ ਲਈ ਮੁਲਾਜ਼ਮਾਂ ਨੇ ਬਾਕਾਇਦਾ ਰੋਡਵੇਜ਼ ਦੇ ਜੀਐੱਮ ਨੂੰ ਲਿਖਤੀ ਜਾਣਕਾਰੀ ਦੇ ਦਿੱਤੀ ਹੈ। ਮੁਲਾਜ਼ਮਾਂ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਰੋਡਵੇਜ਼ ਨੇ ਬੱਸਾਂ ਦਾ ਸੰਚਾਲਨ ਕੀਤਾ ਤਾਂ ਇਸ ਕਾਰਨ ਹੋਣ ਵਾਲੇ ਨੁਕਸਾਨ ਦੀ ਜ਼ਿੰਮੇਵਾਰੀ ਵੀ ਵਿਭਾਗ ਦੀ ਹੋਵੇਗੀ। ਇਸ ਦੀ ਪੁਸ਼ਟੀ ਯੂਨੀਅਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸਕੱਤਰ ਚਾਨਣ ਸਿੰਘ ਤੇ ਚੇਅਰਮੈਨ ਵਿਕਰਮਜੀਤ ਸਿੰਘ ਨੇ ਕੀਤੀ ਹੈ। ਹੜਤਾਲ ਦਾ ਸਮਰਥਨ ਕਰਦੇ ਹੋਏ ਭਗਤ ਸਿੰਘ ਆਟੋ ਯੂਨੀਅਨ ਨੇ ਵੀ ਹੜਤਾਲ 'ਤੇ ਰਹਿਣ ਦਾ ਐਲਾਨ ਕੀਤਾ ਹੈ।
ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਦਾ ਸਿਟੀ ਰੇਲਵੇ ਸਟੇਸ਼ਨ 'ਤੇ ਪ੍ਰਦਰਸ਼ਨ
ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਸਮੇਤ ਸਾਰੀਆਂ ਯੂਨੀਅਨਾਂ ਦੇ ਮੁਲਾਜ਼ਮ ਕਾਲੇ ਝੰਡੇ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ। ਮੁਜ਼ਾਹਰਾਕਾਰੀ ਹਰੇਕ ਪਲੇਟਫਾਰਮ 'ਤੇ ਜਾ ਕੇ ਯਾਤਰੀਆਂ ਨੂੰ ਵੀ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਆਵਾਜ਼ ਉਠਾਉਣ ਲਈ ਸਮਰਥਨ ਦੀ ਮੰਗ ਕਰਦੇ ਦਿਸੇ।
ਜਾਣੋ ਕਿਸ ਸ਼ਹਿਰ ਦੀ ਕੀ ਹੈ ਸਥਿਤੀ
ਅੰਮ੍ਰਿਤਸਰ 'ਚ ਮੁਜ਼ਾਹਰਾਕਾਰੀਆਂ ਨੇ ਰੋਕੀ ਟ੍ਰੇਨ
ਅੰਮ੍ਰਿਤਸਰ 'ਚ ਵੀ ਟਰੇਡ ਯੂਨੀਅਨਾਂ ਨੇ ਦੇਸ਼ ਵਿਆਪੀ ਹੜਤਾਲ ਸਬੰਧੀ ਸ਼ਹਿਰ ਦੀਆਂ ਵੱਖ-ਵੱਖ ਟਰੇਡ ਯੂਨੀਅਨਾਂ, ਬੈਂਕ ਤੇ ਰੋਡਵੇਜ਼ ਮੁਲਾਜ਼ਮਾਂ ਨੇ ਰੋਸ ਪ੍ਰਦਰਸ਼ਨ 'ਚ ਹਿੱਸਾ ਲਿਆ। ਉਨ੍ਹਾਂ ਕੇਂਦਰ ਸਰਕਾਰ ਦੀ ਮੁਲਾਜ਼ਮ ਮਜ਼ਦੂਰ ਤੇ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਗੁਰੂ ਨਾਨਕ ਦੇਵ ਹਸਪਤਾਲ ਤੇ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਨੇ ਵੀ ਪ੍ਰਦਰਸ਼ਨਾਂ ਨੂੰ ਸਮਰਥਨ ਦਿੱਤਾ ਹੈ। ਇੱਥੇ ਮੁਜ਼ਾਹਰਾਕਾਰੀਆਂ ਨੇ ਟ੍ਰੇਨ ਰੋਕੀ ਹੈ।
ਲੁਧਿਆਣਾ 'ਚ ਮੁਜ਼ਾਹਰਾਕਾਰੀਆਂ ਨੇ ਰੋਕੀ ਮਾਲਵਾ ਐਕਸਪ੍ਰੈੱਸ

ਵੱਖ-ਵੱਖ ਜਥੇਬੰਦੀਆਂ ਵੱਲੋਂ ਦਿੱਤੇ ਗਏ ਬੰਦ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ। ਖੱਬੇ ਪੱਖੀ ਪਾਰਟੀਆਂ ਦੇ ਵਰਕਰਾਂ ਵੱਲੋਂ ਲੁਧਿਆਣਾ ਦੇ ਗਿਆਸਪੁਰਾ ਸਥਿਤ ਰੇਲਵੇ ਲਾਈਨ 'ਤੇ ਮਾਲ ਗੱਡੀ ਤੋਂ ਇਲਾਵਾ ਦਿੱਲੀ ਤੋਂ ਕਟੜਾ ਜਾ ਰਹੀ ਮਾਲਵਾ ਐਕਸਪ੍ਰੈੱਸ ਨੂੰ ਰੋਕ ਦਿੱਤਾ ਗਿਆ ਹੈ।
ਗੁਰਦਾਸਪੁਰ 'ਚ ਮਿਲਿਆ-ਜੁਲਿਆ ਅਸਰ
ਗੁਰਦਾਸਪੁਰ ਜ਼ਿਲ੍ਹੇ 'ਚ ਬੰਦ ਦਾ ਮਿਲਿਆ-ਜੁਲਿਆ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸ਼ਹਿਰ ਦੇ ਮੁੱਖ ਬਾਜ਼ਾਰਾਂ 'ਛ ਦੁਕਾਨਾਂ ਖੁੱਲ੍ਹੀਆਂ ਹਨ ਪਰ ਕਲਾਨੌਰ ਸਮੇਤ ਕੁਝ ਕਸਬਿਆਂ 'ਚ ਪੂਰਨ ਬੰਦ ਦੇਖਣ ਨੂੰ ਮਿਲ ਰਿਹਾ ਹੈ।
ਮੁਕੇਰੀਆਂ 'ਚ ਕਿਸਾਨਾਂ ਦਾ ਪੁਤਲਾ ਫੂਕ ਮੁਜ਼ਾਹਰਾ

ਮੁਕੇਰੀਆਂ ਸ਼ਹਿਰ ਅਤੇ ਆਸ-ਪਾਸ ਦੇ ਕਸਬਿਆਂ / ਪਿੰਡਾਂ ਅੰਦਰ ਬੰਦ ਦਾ ਕੋਈ ਬਹੁਤਾ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਸਾਰੇ ਕਾਰੋਬਾਰੀ ਅਦਾਰੇ ਆਮ ਵਾਂਗ ਖੁੱਲ੍ਹੇ ਹਨ। ਕਸਬਾ ਭੰਗਾਲਾ ਵਿਖੇ ਕਿਸਾਨ ਆਗੂ ਹਰਦੀਪ ਸਿੰਘ ਮੰਝਪੁਰ ਤੇ ਬਲਜੀਤ ਸਿੰਘ ਛੰਨੀ ਨੰਦ ਸਿੰਘ ਦੀ ਅਗਵਾਈ 'ਚ ਕਿਸਾਨ ਜਥੇਬੰਦੀ ਨੇ ਗੰਨੇ ਦਾ ਬਕਾਇਆ ਅਦਾਇਗੀ ਅਤੇ ਗੰਨੇ ਦੀ ਕੀਮਤ ਨੂੰ ਲੈ ਕੇ ਸੂਬਾ ਸਰਕਾਰ ਖਿਲਾਫ਼ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਪੁਤਲਾ ਫੂਕਿਆ।
ਨੋ ਵਰਕ ਨੋ ਪੇਅ ਤਹਿਤ ਕੱਟ ਸਕਦੀ ਹੈ ਤਨਖ਼ਾਹ
ਖ਼ਾਸ ਇਹ ਹੈ ਕਿ ਬੁੱਧਵਾਰ ਨੂੰ ਹੜਤਾਲ 'ਤੇ ਰਹਿਣ ਵਾਲੇ ਮੁਲਾਜ਼ਮ ਇਕ ਦਿਨ ਦੀ ਤਨਖ਼ਾਹ ਤੋਂ ਵਾਂਝੇ ਹੋ ਸਕਦੇ ਹਨ। ਪੰਜਾਬ ਸਰਕਾਰ ਵੱਲੋਂ ਅਜਿਹੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਹੜਤਾਲ ਕਰਨ ਵਾਲੇ ਮੁਲਾਜ਼ਮ ਨੂੰ ਹੜਤਾਲੀ ਸਮੇਂ ਦੀ ਤਨਖ਼ਾਹ ਨਹੀਂ ਦਿੱਤੀ ਜਾਵੇਗੀ।
ਦੁੱਧ-ਸਬਜ਼ੀਆਂ ਤੇ ਜ਼ਰੂਰੀ ਸਾਮਾਨ ਦੀ ਸਪਲਾਈ 'ਤੇ ਵੀ ਪਵੇਗਾ ਅਸਰ
ਕਿਸਾਨ ਸੰਘਰਸ਼ ਮਜ਼ਦੂਰ ਕਮੇਟੀ ਪ੍ਰਦੇਸ਼ ਪ੍ਰਧਾਨ ਸਤਨਾਮ ਸਿੰਘ ਪੰਨੂ ਦਾ ਕਹਿਣਾ ਹੈ ਕਿ ਸੜਕ ਤੇ ਰੇਲ ਆਵਾਜਾਈ ਰੋਕ ਕੇ ਕੇਂਦਰ ਤਕ ਮੰਗਾਂ ਦੀ ਆਵਾਜ਼ ਪਹੁੰਚਾਈ ਜਾਵੇਗੀ। ਇਸ ਤੋਂ ਇਲਾਵਾ ਕਿਸਾਨ ਸੜਕਾਂ 'ਤੇ ਉੱਤਰ ਕੇ ਰੋਸ ਮੁਜ਼ਾਹਰੇ ਕਰਨਗੇ। ਕਿਸਾਨਾਂ ਨੂੰ ਪਹਿਲਾਂ ਹੀ ਦੁੱਧ, ਸਬਜ਼ੀਆਂ ਤੇ ਹੋਰ ਖ਼ੁਰਾਕੀ ਪਦਾਰਥਾਂ ਦੀ ਸਪਲਾਈ ਰੋਕਣ ਬਾਰੇ ਦੱਸਿਆ ਜਾ ਚੁੱਕਾ ਹੈ।
ਹੋਰ ਖ਼ਬਰਾਂ ਲਈ ਜੁੜੇ ਰਹੋ United NRI Post ਦੇ ਨਾਲ।



