ਪੱਤਰ ਪ੍ਰੇਰਕ : ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦੱਸਿਆ ਕਿ ਸੂਬੇ ਵਿੱਚ ਸਰਵੇ ਕਰਵਾ ਕੇ ਗੈਰ-ਕਾਨੂੰਨੀ ਢੰਗ ਨਾਲ ਸਰਕਾਰੀ ਰਾਸ਼ਨ ਲੈਣ ਵਾਲਿਆਂ ਦੇ ਕਾਰਡ ਤਾਂ ਕੱਟ ਦਿੱਤੇ ਗਏ ਹਨ ਪਰ ਗਰੀਬ ਵਰਗ ਨਾਲ ਸਬੰਧਤ ਲੋਕਾਂ ਦੇ ਕਾਰਡ ਬਰਕਰਾਰ ਰੱਖੇ ਗਏ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੇ ਹਰ ਲੋੜਵੰਦ ਪਰਿਵਾਰ ਲਈ ਨੀਲਾ ਕਾਰਡ ਬਣਾਇਆ ਜਾਵੇਗਾ, ਤਾਂ ਜੋ ਉਹ ਰਾਸ਼ਨ ਵੰਡ ਸਕੀਮ ਦੇ ਨਾਲ-ਨਾਲ ਪੰਜਾਬ ਸਰਕਾਰ ਦੀਆਂ ਹੋਰ ਸਕੀਮਾਂ ਦਾ ਲਾਭ ਲੈ ਸਕਣ।
ਘਰ-ਘਰ ਆਟੇ ਦੀ ਡਿਲੀਵਰੀ ਸਬੰਧੀ ਕਟਾਰੂਚੱਕ ਨੇ ਕਿਹਾ ਕਿ ਇਹ ਸਕੀਮ ਜਲਦੀ ਹੀ ਲਾਗੂ ਹੋਣ ਜਾ ਰਹੀ ਹੈ ਅਤੇ ਇਸ ਸਕੀਮ ਦੌਰਾਨ ਸੂਬੇ ਭਰ ਦੇ 18 ਹਜ਼ਾਰ ਡਿਪੂ ਹੋਲਡਰਾਂ ਨੂੰ ਵੀ ਭਾਗੀਦਾਰ ਬਣਾਇਆ ਜਾਵੇਗਾ। ਹਰ ਖਪਤਕਾਰ ਲਈ ਇਹ ਸ਼ਰਤ ਹੋਵੇਗੀ ਕਿ ਉਹ ਮਾਰਕਫੈੱਡ ਤੋਂ ਆਟਾ ਖਰੀਦ ਸਕਦਾ ਹੈ ਅਤੇ ਜੇਕਰ ਉਹ ਚਾਹੇ ਤਾਂ ਡਿਪੂ ਹੋਲਡਰ ਤੋਂ ਵੀ ਕਣਕ ਖਰੀਦ ਸਕਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਜਲਦੀ ਹੀ ਇੱਕ ਨਵਾਂ ਪੋਰਟਲ ਸ਼ੁਰੂ ਕਰਨ ਜਾ ਰਹੀ ਹੈ, ਜਿਸ ਤਹਿਤ ਹਰ ਲੋੜਵੰਦ ਅਤੇ ਗਰੀਬ ਪਰਿਵਾਰ ਦਾ ਰਾਸ਼ਨ ਕਾਰਡ ਬਣਾਇਆ ਜਾਵੇਗਾ।
ਸੂਬੇ ਭਰ ਦੇ ਡਿਪੂ ਹੋਲਡਰਾਂ ਨੂੰ ਕਮਿਸ਼ਨ ਵਜੋਂ 2 ਕਿਸ਼ਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਅਤੇ ਜਲਦੀ ਹੀ ਉਨ੍ਹਾਂ ਦਾ ਢੁਕਵਾਂ ਮਿਹਨਤਾਨਾ ਜਾਂ ਕਮਿਸ਼ਨ ਤੀਜੀ ਕਿਸ਼ਤ ਰਾਹੀਂ ਉਨ੍ਹਾਂ ਦੇ ਖਾਤਿਆਂ ਵਿੱਚ ਭੇਜਿਆ ਜਾ ਰਿਹਾ ਹੈ।


