ਚੰਡੀਗੜ : ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਸੂਬੇ ਦੇ ਸਾਬਕਾ ਮੰਤਰੀ ਧਰਮਪਾਲ ਸਭਰਵਾਲ ਭਾਜਪਾ 'ਚ ਸ਼ਾਮਲ ਹੋ ਗਏ ਹਨ। ਉਹ ਪੰਜਾਬ ਦੀ ਬੇਅੰਤ ਸਿੰਘ ਸਰਕਾਰ 'ਚ ਮੰਤਰੀ ਵੀ ਰਹੇ ਹਨ। ਉਹ ਰਾਜ ਸਭਾ 'ਚ 2004 ਤੋਂ 2010 ਤਕ ਮੈਂਬਰ ਰਹੇ। ਦੂਜੇ ਪਾਸੇ, ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਤੇ ਸੀਨੀਅਰ ਆਗੂ ਮੋਹਿੰਦਰ ਸਿੰਘ ਕੇਪੀ ਵੀ ਭਾਜਪਾ 'ਚ ਸ਼ਾਮਲ ਹੋਣ ਦੀ ਤਿਆਰੀ 'ਚ ਹਨ।ਧਰਮਪਾਲ ਸਭਰਵਾਲ ਨੂੰ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਭਾਜਪਾ ਦੀ ਮੈਂਬਰਸ਼ਿਪ ਗ੍ਰਹਿਣ ਕਰਵਾਈ। ਇਸ ਮੌਕੇ ਭਾਜਪਾ ਪ੍ਰਧਾਨ ਸ਼ਵੇਤ ਮਲਿਕ ਤੇ ਸਾਬਕਾ ਕੈਬਿਨਟ ਮੰਤਰੀ ਤੀਕਸ਼ਣ ਸੂਦ ਵੀ ਮੌਜੂਦ ਸਨ। ਹੋਸ਼ਿਆਰਪੁਰ ਦੀ ਗੜ੍ਹਦੀਵਾਲਾ ਸੀਟ ਤੋਂ ਦੋ ਵਾਰ ਵਿਧਾਇਕ ਰਹੇ ਸਭਰਵਾਲ ਵਾਲਮੀਕਿ ਭਾਈਚਾਰੇ ਨਾਲ ਸਬੰਧ ਰੱਖਦੇ ਹਨ।
ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦਾ ਦੇਸ਼ ਵਿਰੋਧੀ ਚਿਹਰਾ ਜਗ-ਜ਼ਾਹਿਰ ਹੋ ਚੁੱਕਾ ਹੈ। ਇਸ ਵਜ੍ਹਾ ਕਾਰਨ ਕਾਂਗਰਸ 'ਚ ਖਾਸਾ ਗੁੱਸਾ ਪੈਦਾ ਹੋ ਰਿਹਾ ਹੈ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਚਲਾਈ ਹੈ। ਦੇਸ਼ ਨੂੰ ਮੋਦੀ ਵਰਗੀ ਸਸ਼ਕਤ ਅਗਵਾਈ ਦੀ ਲੋੜ ਹੈ। ਸਭਰਵਾਲ ਨੂੰ ਪਾਰਟੀ ਜੁਆਇੰਨ ਕਰਵਾਉਣ ਸਬੰਧੀ ਪੁੱਛੇ ਜਾਣ 'ਤੇ ਸ਼ਵੇਤ ਮਲਿਕ ਨੇ ਕਿਹਾ ਕਿ ਉਹ ਬਿਨਾਂ ਕਿਸੇ ਸ਼ਰਤ ਪਾਰਟੀ 'ਚ ਆਏ ਹਨ।
ਉਨ੍ਹਾਂ ਦੇ ਭਾਜਪਾ 'ਚ ਆਉਣ ਨਾਲ ਪਾਰਟੀ ਨੂੰ ਹੋਰ ਮਜ਼ਬੂਤੀ ਮਿਲੇਗੀ।ਸਾਬਕਾ ਸੰਸਦ ਮੈਂਬਰ ਮੋਹਿੰਦਰ ਸਿੰਘ ਕੇਪੀ ਦੇ ਦਬਾਅ ਅਤੇ ਉਨ੍ਹਾਂ ਨਾਲ ਵਰਕਰਾਂ ਦੇ ਜੁੜਨ ਨਾਲ ਬਣੇ ਸਮੀਕਰਨਾਂ ਚ ਕਾਂਗਰਸ ਹਾਈਕਮਾਨ ਨੇ ਜਲੰਧਰ ਸੀਟ ਦੀ ਰਿਪੋਰਟ ਮੰਗੀ ਹੈ। ਇਹ ਵੀ ਖ਼ਬਰ ਆ ਰਹੀ ਹੈ ਕਿ ਭਾਜਪਾ ਦੀ ਲੀਡਰਸ਼ਿਪ ਨੇ ਕੇਪੀ ਨੂੰ ਦਿੱਲੀ ਬੁਲਾਇਆ ਹੈ। ਕੇਪੀ ਦੇ ਅੱਜ ਸਵੇਰੇ ਦਿੱਲੀ ਰਵਾਨਾ ਹੋਣ ਦੀ ਤਿਆਰੀ ਦੀ ਖਬਰ ਹੈ। ਕੇਪੀ ਪਿਛਲੇ ਤਿੰਨ ਦਿਨਾਂ ਤੋਂ ਭਾਜਪਾ ਦੇ ਸੰਪਰਕ 'ਚ ਸਨ। ਉਨ੍ਹਾਂ ਨੂੰ ਹੋਸ਼ਿਆਰਪੁਰ ਸੀਟ ਤੋਂ ਟਿਕਟ ਦੇਣ ਦੀ ਚਰਚਾ ਹੈ।



