ਕੈਪਟਨ ਦਾ ਵੱਡਾ ਬਿਆਨ – ਲਾਕਡਾਊਨ ਨਹੀਂ ਕੋਰੋਨਾ ਦਾ ਹੱਲ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਲ ਦੀ ਘੜੀ ਪੂਰੇ ਲਾਕਡਾਊਨ ਦੀ ਸੰਭਾਵਨਾ ਤੋਂ ਇਨਕਾਰ ਕਰਦੇ ਹੋਏ ਸ਼ੁੱਕਰਵਾਰ ਨੂੰ ਸਭ ਤੋਂ ਵੱਧ ਕੋਵਿਡ ਪ੍ਰਭਾਵਿਤ 6 ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮਾਈਕਰੋ ਕੰਟੇਨਮੈਂਟ ਰਣਨੀਤੀ ਹੋਰ ਪੁਖਤਾ ਕਰਨ ਅਤੇ 100 ਫੀਸਦੀ ਟੈਸਟਿੰਗ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਲਾਕਡਾਊਨ ਕੋਈ ਹੱਲ ਨਹੀਂ ਹੈ ਕਿਉਂ ਜੋ ਇਸ ਨਾਲ ਵੱਡੀ ਪੱਧਰ 'ਤੇ ਪ੍ਰਵਾਸੀ ਮਜ਼ਦੂਰ ਆਪਣੇ ਸੂਬਿਆਂ ਵੱਲ ਵਹੀਰਾਂ ਘੱਤ ਦੇਣਗੇ ਜਿੱਥੇ ਕਿ ਮੈਡੀਕਲ ਸਹੂਲਤਾਂ ਬਿਲਕੁਲ ਨਿਗੂਣੀਆਂ ਹਨ।

ਉਨ੍ਹਾਂ ਨੇ ਸਬੰਧਤ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਕਿ ਸਾਰੀਆਂ ਪਾਬੰਦੀਆਂ ਸਖਤੀ ਨਾਲ ਲਾਗੂ ਕੀਤੀਆਂ ਜਾਣ ਅਤੇ ਜ਼ਿਆਦਾ ਪਾਜ਼ੇਟਿਵ ਮਾਮਲਿਆਂ ਵਾਲੇ ਸਾਰੇ ਖੇਤਰਾਂ ਦੇ ਹੋਟਲਾਂ ਵਿੱਚ ਬੈਠ ਕੇ ਖਾਣ 'ਤੇ ਰੋਕ ਲਾਈ ਜਾਵੇ ਅਤੇ ਸਿਹਤ ਵਿਭਾਗ ਦੁਆਰਾ ਰੈਸਟੋਰੈਂਟਾਂ ਦੇ ਸਟਾਫ ਦੀ ਕੋਵਿਡ ਜਾਂਚ ਕੀਤੀ ਜਾਵੇ। ਉਦਯੋਗ ਜਗਤ ਨੂੰ ਹਲਕੇ ਲੱਛਣਾਂ ਵਾਲੇ ਕਾਮਿਆਂ ਦੇ ਇਲਾਜ ਲਈ ਆਪਣੇ ਖੁਦ ਦੇ ਕੋਵਿਡ ਇਲਾਜ ਕੇਂਦਰ ਸਥਾਪਤ ਕਰਨ ਅਤੇ ਆਰਜੀ ਹਸਪਤਾਲ ਤਿਆਰ ਕਰਨ ਲਈ ਅਪੀਲ ਕਰਦੇ ਹੋਏ ਮੁੱਖ ਮੰਤਰੀ ਨੇ ਕੋਵਿਡ ਖਿਲਾਫ ਜੰਗ ਮਿਲਜੁਲ ਕੇ ਲੜਨ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਮੁੱਖ ਸਕੱਤਰ ਨੂੰ ਕੋਵਿਡ ਖਿਲਾਫ ਜੰਗ ਵਿੱਚ ਸੇਵਾ ਮੁਕਤ ਡਾਕਟਰਾਂ/ਨਰਸਾਂ ਅਤੇ ਐਮ.ਬੀ.ਬੀ.ਐਸ. ਦੇ ਆਖਰੀ ਵਰ੍ਹੇ ਦੇ ਵਿਦਿਆਰਥੀਆਂ ਨੂੰ ਐਲ-2/ਐਲ-3 ਸੰਸਥਾਨਾਂ ਵਿਖੇ ਮੁੜ ਡਿਊਟੀ 'ਤੇ ਆਉਣ ਲਈ ਹੱਲਾਸ਼ੇਰੀ ਦੇਣ ਲਈ ਕਿਹਾ ਅਤੇ ਇਹ ਸੁਝਾਅ ਦਿੱਤਾ ਕਿ ਜਿਮਨੇਜ਼ੀਅਮ/ਹਾਲਾਂ ਵਿੱਚ ਆਰਜੀ ਤੌਰ 'ਤੇ ਸਿਹਤ ਸੰਭਾਲ ਕੇਂਦਰ ਸਥਾਪਤ ਕਰਨ ਦੀ ਸੁਝਾਅ ਦਿੱਤਾ।

ਮੁੱਖ ਮੰਤਰੀ ਅੱਜ 6 ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਲੁਧਿਆਣਾ, ਐਸ.ਏ.ਐਸ. ਨਗਰ (ਮੋਹਾਲੀ), ਜਲੰਧਰ, ਬਠਿੰਡਾ, ਪਟਿਆਲਾ ਅਤੇ ਅੰਮ੍ਰਿਤਸਰ ਵਿਖੇ ਕੋਵਿਡ ਸਥਿਤੀ ਦੀ ਸਮੀਖਿਆ ਸਬੰਧੀ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰ ਰਹੇ ਸਨ। ਸਭ ਤੋਂ ਪ੍ਰਭਾਵਿਤ 6 ਜ਼ਿਲ੍ਹਿਆਂ ਵਿੱਚੋਂ ਮੋਹਾਲੀ ਅਤੇ 2 ਹੋਰ ਜ਼ਿਲ੍ਹਿਆਂ ਵਿੱਚ ਕੰਟੇਨਮੈਂਟ ਜ਼ੋਨਾਂ ਦੀ ਥੋੜ੍ਹੀ ਗਿਣਤੀ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਮੁੱਖ ਮੰਤਰੀ ਨੇ ਕੰਟੇਨਮੈਂਟ ਅਤੇ ਟੈਸਟਿੰਗ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਤੁਰੰਤ ਕਦਮ ਚੁੱਕਣ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਮਾਈਕਰੋ ਕੰਟੇਨਮੈਂਟ ਰਣਨੀਤੀ ਸਖਤੀ ਨਾਲ ਲਾਗੂ ਕੀਤੀ ਜਾਵੇ ਅਤੇ ਇਸ ਦੇ ਨਾਲ ਹੀ ਉਨ੍ਹਾਂ ਸਮੂਹ ਜ਼ਿਲ੍ਹਾ ਅਧਿਕਾਰੀਆਂ ਨੂੰ ਕੋਵਿਡ ਦਾ ਫੈਲਾਅ ਰੋਕਣਾ ਆਪਣੀ ਸਭ ਤੋਂ ਵੱਡੀ ਤਰਜੀਹ ਬਣਾਉਣ ਲਈ ਵੀ ਨਿਰਦੇਸ਼ ਦਿੱਤੇ।

ਮੁੱਖ ਮੰਤਰੀ ਨੇ ਇਸ ਚੁਣੌਤੀਪੂਰਨ ਸਮੇਂ ਵਿੱਚ ਅਧਿਕਾਰੀਆਂ ਵੱਲੋਂ ਕੀਤੇ ਗਏ ਚੰਗੇ ਕੰਮ ਦੀ ਪ੍ਰਸੰਸਾ ਕਰਨ ਦੇ ਨਾਲ ਇਸ ਗੱਲ ਉਤੇ ਚਿੰਤਾ ਵੀ ਜ਼ਾਹਰ ਕੀਤੀ ਕਿ ਸੂਬੇ ਦੇ 14 ਜ਼ਿਲ੍ਹਿਆਂ ਵਿੱਚ ਪਾਜ਼ੇਟਿਵਟੀ ਦਰ 10 ਫੀਸਦੀ ਤੋਂ ਵੱਧ ਹੈ ਜਦੋਂ ਕਿ ਪੰਜ ਜ਼ਿਲ੍ਹਿਆਂ ਵਿੱਚ 60 ਫੀਸਦੀ ਤੋਂ ਵੱਧ ਬੈੱਡ ਭਰੇ ਹੋਏ ਹਨ। ਉਨ੍ਹਾਂ ਕਿਹਾ ਕਿ ਮੁਹਾਲੀ ਵਿਖੇ 100 ਬਿਸਤਰਿਆਂ ਵਾਲੇ ਆਰਜ਼ੀ ਹਸਪਤਾਲ ਦਾ ਢਾਂਚਾ ਸਥਾਪਤ ਕੀਤਾ ਜਾ ਰਿਹਾ ਹੈ ਜਦੋਂ ਕਿ ਬਠਿੰਡਾ ਰਿਫਾਇਨਰੀ ਨੇੜੇ 250 ਬਿਸਤਰਿਆਂ ਵਾਲਾ ਆਰਜ਼ੀ ਹਸਪਤਾਲ ਬਣਾਇਆ ਜਾ ਰਿਹਾ ਹੈ ਜਿੱਥੇ ਰਿਫਾਇਨਰੀ ਤੋਂ ਆਕਸੀਜਨ ਦੀ ਸਪਲਾਈ ਹੋਵੇਗੀ।

ਉਨ੍ਹਾਂ ਨੇ ਸਾਰੇ ਵਿਭਾਗਾਂ ਨੂੰ ਸਿਖਰ ਲਈ ਤਿਆਰ ਰਹਿਣ ਅਤੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਰਜ਼ੀ ਹਸਪਤਾਲ ਬਣਾਉਣ ਲਈ ਥਾਵਾਂ ਦੀ ਸ਼ਨਾਖਤ ਕਰਨ ਲਈ ਆਖਿਆ। ਉਨ੍ਹਾਂ ਕਿਹਾ ਕਿ ਲੈਵਲ-2 ਉਤੇ ਬਿਸਤਰਿਆਂ ਦੀ ਉਪਲੱਬਧਤਾ ਭਾਵੇਂ ਹਾਲੇ ਪ੍ਰਬੰਧਨਯੋਗ ਹੈ ਪਰ ਲੈਵਲ-3 ਵਿੱਚ ਭਰੇ ਬਿਸਤਰਿਆਂ ਦੀ ਗਿਣਤੀ 82 ਫੀਸਦੀ ਉੱਤੇ ਪੁੱਜ ਗਈ ਹੈ। ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਅਤੇ ਅੰਮ੍ਰਿਤਸਰ ਵਿਖੇ 600 ਵਾਧੂ ਬਿਸਤਰਿਆਂ ਦੇ ਨਾਲ ਪੰਜਾਬ ਵਿੱਚ ਹੋਰ 2000 ਬਿਸਤਰਿਆਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਫਤਹਿ ਕਿੱਟਾਂ ਖਾਸ ਕਰਕੇ ਆਕਸੀਮੀਟਰਜ਼ ਦੀ ਕਮੀ ਨੂੰ ਦੇਖਦਿਆਂ ਉਨ੍ਹਾਂ ਨੇ ਮੁੱਖ ਸਕੱਤਰ ਦਾ ਸੁਝਾਅ ਮੰਨਦਿਆਂ ਠੀਕ ਹੋਏ ਮਰੀਜ਼ਾ ਕੋਲੋਂ ਆਕਸੀਮੀਟਰ ਵਾਪਸ ਲੈਣ ਦੀ ਗੱਲ ਕਹੀ ਜੋ ਕਿ ਚੰਗੀ ਤਰ੍ਹਾਂ ਸੈਨੀਟਾਈਜ਼ ਕਰਨ ਉਪਰੰਤ ਅੱਗੇ ਵਰਤੋਂ ਲਈ ਦਿੱਤੇ ਜਾਣਗੇ।