ਲੁਧਿਆਣਾ : ਮਹਾਨਗਰ ਦੇ ਢੰਡਾਰੀ ਇਲਾਕੇ ਵਿਚ ਸੋਮਵਾਰ ਤੜਕੇ ਡੋਲੀ ਵਾਲੀ ਕਾਰ ਦੀ ਕੰਬਾਈਨ ਨਾਲ ਜ਼ਬਰਦਸਤ ਟੱਕਰ ਕਾਰਨ ਕਾਰ 'ਚ ਬੈਠੀ ਲਾੜੀ ਸਮੇਤ ਚਾਰ ਦੀ ਦਰਦਨਾਕ ਮੌਤ ਹੋ ਗਈ ਜਦਕਿ ਪੰਜ ਗੰਭੀਰ ਰੂਪ ਵਿਚ ਫੱਟੜ ਹੋ ਗਏ। ਇਹ ਦਰਦਨਾਕ ਘਟਨਾ ਸੋਮਵਾਰ ਸਵੇਰੇ ਲੁਧਿਆਣਾ-ਦਿੱਲੀ ਹਾਈਵੇ 'ਤੇ ਢੰਡਾਰੀ ਕਲਾਂ ਨੇੜੇ ਵਾਪਰੀ। ਜਾਣਕਾਰੀ ਮੁਤਾਬਕ ਹਰਿਆਣਾ ਦੇ ਯਮੁਨਾ ਨਗਰ ਤੋਂ ਇਹ ਡੋਲੀ ਵਾਲੀ ਕਾਰ ਲੁਧਿਆਣਾ ਦੇ ਟਿੱਬਾ ਰੋਡ ਇਲਾਕੇ ਵਿਚ ਆਉਣੀ ਸੀ। ਇਸ ਦੌਰਾਨ ਢੰਡਾਰੀ ਇਲਾਕੇ ਵਿਚ ਕੰਬਾਈਨ ਨਾਲ ਸਿੱਧੀ ਟੱਕਰ ਹੋਈ ਅਤੇ ਬਲੈਰੋ ਦੇ ਪਰਖੱਚੇ ਉੱਡ ਗਏ।
ਇਸ ਦਰਦਨਾਕ ਹਾਦਸੇ ਵਿਚ ਸਜ ਵਿਆਹੀ ਹਿਨਾ ਸਮੇਤ ਜ਼ਰੀਨਾ, ਹੁਸਨਾ ਅਤੇ ਕਾਰ ਚਾਲਕ ਜਮਸ਼ੇਦ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੰਬਾਈਨ ਚਾਲਕ ਸਮੇਤ ਪੰਜ ਹੋਰ ਫੱਟੜ ਹੋ ਗਏ।ਸੜਕ ਹਾਦਸੇ ਵਿਚ ਫੱਟੜਾਂ ਨੂੰ ਬੇਹੱਦ ਗੰਭੀਰ ਹਾਲਤ ਵਿਚ ਨਿੱਜੀ ਹਸਪਤਾਲਾਂ 'ਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਵਿਆਹ ਵਾਲੇ ਘਰ ਅਤੇ ਹਲਕੇ ਵਿਚ ਸੋਗ ਦੀ ਲਹਿਰ ਦੌੜ ਗਈ।



