ਸਪੋਰਟਸ ਡੈਸਕ (ਵਿਕਰਮ ਸਹਿਜਪਾਲ) : ਚੈਂਪੀਅਨਜ਼ ਲੀਗ ਦੇ ਦੂਸਰੇ ਸੈਮੀਫ਼ਾਈਨਲ ਦੇ ਦੂਸਰੇ ਲੈੱਗ ਵਿੱਚ ਲਿਵਰਪੂਲ ਨੇ ਬਾਰਸੀਲੋਨਾ ਨੂੰ 4-0 ਨਾਲ ਹਰਾ ਦਿੱਤਾ। ਪਹਿਲੇ ਲੈੱਗ ਵਿੱਚ ਉਹ 0-3 ਨਾਲ ਹਾਰਿਆ ਸੀ। ਇਸ ਤਰ੍ਹਾਂ ਲਿਵਰਪੂਲ ਨੇ ਸੈਮੀਫ਼ਾਈਨਲ ਨੂੰ 4-3 ਨਾਲ ਆਪਣੇ ਨਾਂ ਕਰ ਲਿਆ ਹੈ।1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦ ਕਿਸੇ ਟੀਮ ਨੂੰ ਸੈਮੀਫ਼ਾਈਨਲ ਵਿੱਚ 3 ਗੋਲਾਂ ਨਾਲ ਪਿੱਛੇ ਰਹਿਣ 'ਤੇ ਵੀ ਜਿੱਤ ਮਿਲੀ ਹੈ।
ਇਸੇ ਤਰ੍ਹਾਂ 33 ਸਾਲ ਪਹਿਲਾਂ ਬਾਰਸੀਲੋਨਾ ਨੇ ਹੀ ਅਜਿਹਾ ਕੀਤਾ ਸੀ। ਉਦੋਂ ਉਸ ਨੇ ਸਵੀਡਨ ਦੇ ਕਲੱਬ ਗੋਟੇਬੋਰਗ ਨੂੰ ਹਰਾਇਆ ਸੀ। ਲਿਵਰਪੂਲ ਲਗਾਤਾਰ ਦੂਸਰੇ ਸਾਲ ਅਤੇ ਕੁੱਲ 9ਵੀਂ ਵਾਰ ਫ਼ਾਇਨਲ ਵਿੱਚ ਪਹੁੰਚਣ ਵਿੱਚ ਕਾਮਯਾਬ ਰਿਹਾ। ਲਿਵਰਪੂਲ ਦੇ ਘਰੇਲੂ ਮੈਦਾਨ ਐਨਫ਼ੀਲਡ ਏਰੀਨਾ 'ਤੇ ਖੇਡੇ ਗਏ ਇਸ ਮੈਚ ਵਿੱਚ ਉਸ ਦੇ ਲਈ ਡੀਵਾਕ ਓਰਿਗਿ ਅਤੇ ਵਿਨਾਲਡਮ ਨੇ 2 ਗੋਲ ਕੀਤੇ।
ਫ਼ਾਇਨਲ ਵਿੱਚ ਲਿਵਰਪੂਲ ਦਾ ਮੁਕਾਬਲਾ ਅਜਾਕਸ ਅਤੇ ਟਾਟੇਨਹੈਮ ਹਾਟਸਪਰ ਵਿੱਚ ਹੋਣ ਵਾਲੇ ਸੈਮੀਫ਼ਾਈਨਲ ਦੇ ਜੇਤੂ ਨਾਲ ਹੋਵੇਗਾ।


