ਅੱਜ ਫਿਰ ਕਈ ਇਲਾਕਿਆਂ ‘ਚ ਮੀਂਹ ਦੀ ਸੰਭਾਵਨਾ, ਜਾਣੋ ਮੌਸਮ ਦਾ ਹਾਲ

by jaskamal

ਨਿਊਜ਼ ਡੈਸਕ : ਮੌਸਮ ਇਕ ਵਾਰ ਫਿਰ ਤੋਂ ਕਰਵਟ ਲੈ ਰਿਹਾ ਹੈ। ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ 'ਚ ਮੀਂਹ ਕਾਰਨ ਲੋਕਾਂ ਨੂੰ ਮੁੜ ਠੰਢ ਮਹਿਸੂਸ ਹੋਣ ਲੱਗੀ ਹੈ। ਭਾਰਤੀ ਮੌਸਮ ਵਿਭਾਗ ਅਨੁਸਾਰ, ਸਰਗਰਮ ਪੱਛਮੀ ਗੜਬੜੀ ਦੇ ਕਾਰਨ ਅੱਜ ਉੱਤਰੀ ਤੇ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਹਲਕੀ ਤੋਂ ਭਾਰੀ ਬਾਰਿਸ਼ ਤੇ ਗੜੇਮਾਰੀ ਦੀ ਸੰਭਾਵਨਾ ਹੈ। ਪੱਛਮੀ ਗੜਬੜੀ ਦਾ ਸਭ ਤੋਂ ਵੱਧ ਅਸਰ ਪੰਜਾਬ, ਹਰਿਆਣਾ ਤੇ ਪੱਛਮੀ ਉੱਤਰ ਪ੍ਰਦੇਸ਼ 'ਚ ਦੇਖਿਆ ਜਾ ਸਕਦਾ ਹੈ। ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਕਾਰਨ ਅੱਜ ਵੀ ਉੱਤਰੀ ਭਾਰਤ 'ਚ ਮੀਂਹ ਪੈਣ ਦੇ ਆਸਾਰ ਹਨ।

ਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਉੱਚੇ ਇਲਾਕਿਆਂ 'ਚ ਪਿਛਲੇ ਕਈ ਦਿਨਾਂ ਤੋਂ ਬਰਫਬਾਰੀ ਜਾਰੀ ਹੈ ਤੇ ਅਗਲੇ ਕੁਝ ਦਿਨਾਂ ਤੱਕ ਬਰਫਬਾਰੀ ਜਾਰੀ ਰਹਿਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਬੰਗਾਲ ਦੀ ਖਾੜੀ ਤੋਂ ਆਉਣ ਵਾਲੀ ਨਮੀ ਵਾਲੀ ਪੂਰਬੀ ਹਵਾ ਕਾਰਨ ਪੱਛਮੀ ਬੰਗਾਲ, ਓਡੀਸ਼ਾ, ਝਾਰਖੰਡ ਅਤੇ ਬਿਹਾਰ ਸਮੇਤ ਕਈ ਇਲਾਕਿਆਂ 'ਚ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।

ਇਸ ਦੌਰਾਨ, ਇਕ ਨਵੀਂ ਪੱਛਮੀ ਗੜਬੜੀ ਦਾ ਪ੍ਰਭਾਵ 28 ਫਰਵਰੀ ਤੋਂ ਸ਼ੁਰੂ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ, ਜਿਸਦਾ ਪ੍ਰਭਾਵ 2 ਮਾਰਚ ਤੱਕ ਰਹਿਣ ਦੀ ਸੰਭਾਵਨਾ ਹੈ। ਇਸ ਕਾਰਨ ਪ੍ਰਭਾਵਿਤ ਖੇਤਰਾਂ 'ਚ 28 ਫਰਵਰੀ ਤੋਂ 2 ਮਾਰਚ ਦਰਮਿਆਨ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।