ਪੰਜਾਬ ਦੇ ਥਰਮਲ ਪਲਾਂਟਾਂ ‘ਤੇ ਮੁੜ ਮੰਡਰਾਉਣ ਲੱਗਾ ਕੋਲ਼ੇ ਦਾ ਸੰਕਟ

by jaskamal

ਨਿਊਜ਼ ਡੈਸਕ : ਭਾਵੇਂ ਕਿ ਕੋਲ ਇੰਡੀਆ ਵੱਲੋਂ ਪਿਛਲੇ ਸਾਲ ਨਾਲੋਂ 6 ਫ਼ੀਸਦੀ ਵੱਧ ਕੋਲੇ ਦੀ ਮਾਈਨਿੰਗ ਕੀਤੀ ਜਾ ਰਹੀ ਹੈ ਪਰ ਕੋਲ ਇੰਡੀਆ ਲਿਮਟਿਡ ਵੱਲੋਂ ਆਪਣੇ ਨਿਰਧਾਰਤ ਦੇ ਰੇਟਾਂ ਤੋਂ ਵੱਧ ਇਹ ਕੋਲਾ ਈ ਆਕਸ਼ਨ ਰਾਹੀਂ ਵੇਚਿਆ ਜਾ ਰਿਹਾ ਹੈ ਜੋ ਕਿ ਪੰਜਾਬ ਦੇ ਥਰਮਲ ਪਲਾਂਟਾਂ ਨੂੰ ਮਹਿੰਗਾ ਪੈ ਰਿਹਾ ਹੈ। ਪੰਜਾਬ ਕਾਫੀ ਮਹਿੰਗਾ ਕੋਲਾ ਖ਼ਰੀਦ ਰਿਹਾ ਹੈ।

ਇਸ ਨਾਲ ਆਉਣ ਵਾਲੇ ਦਿਨਾਂ ਵਿਚ ਸੰਕਟ ਹੋਰ ਵੱਧ ਸਕਦਾ ਹੈ। ਇਸ ਦੇ ਨਾਲ ਹੀ ਰੇਲਵੇ ਵੱਲੋਂ ਖਾਲੀ ਰੈਕ ਦੇਣ ਲਈ 15 ਫ਼ੀਸਦੀ ਵੱਧ ਚਾਰਜ ਲਿਆ ਜਾ ਰਿਹਾ ਹੈ। ਇਸ ਕਾਰਨ ਕੋਲਾ ਹੋਰ ਵੀ ਮਹਿੰਗਾ ਪੈਂਦਾ ਹੈ। ਪਾਵਰ ਸੈਕਟਰ ਦੇ ਮਾਹਿਰਾਂ ਅਨੁਸਾਰ ਆਉਂਦੇ ਝੋਨੇ ਦੇ ਸੀਜ਼ਨ ਦੌਰਾਨ ਕੋਲੇ ਦੀ ਕਮੀ ਕਾਰਨ ਪੰਜਾਬ ਵਿੱਚ ਬਿਜਲੀ ਦੀ ਕਿੱਲਤ ਹੋ ਸਕਦੀ ਹੈ।

ਦੱਸਣਯੋਗ ਹੈ ਕਿ ਐਨ ਟੀ ਪੀ ਸੀ ਰੇਲਵੇ ਨੂੰ 15 ਫ਼ੀਸਦੀ ਵਾਧੂ ਪ੍ਰੀਮੀਅਮ ਦੇ ਰਹੀ ਹੈ। ਪੰਜਾਬ ਦੇ ਥਰਮਲ ਪਲਾਂਟਾਂ ਵਿਚ ਕੋਲੇ ਦੇ ਭੰਡਾਰ ਦੀ ਜੇ ਗੱਲ ਕਰੀਏ ਤਾਂ ਐਤਵਾਰ ਤਕ ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ ਥਰਮਲ ਪਲਾਂਟ 'ਚ ਕੋਲਾ
ਮਹਿਜ਼ 21.6 ਦਿਨਾਂ ਦਾ ਬਚਿਆ ਸੀ ਤੇ ਇਸੇ ਤਰ੍ਹਾਂ ਰੋਪੜ ਥਰਮਲ ਪਲਾਂਟ ਵਿੱਚ 25.2 ਦਿਨਾਂ ਦਾ ਕੋਲਾ ਸਟਾਕ ਵਿੱਚ ਹੈ। ਇਸ ਦੇਨ ਨਾਲ ਪੰਜਾਬ ਵਿਚ ਇਕ ਵਾਰ ਫਿਰ ਤੋਂ ਹਨੇਰਾ ਛਾਉਣ ਦਾ ਖ਼ਦਸ਼ਾ ਹੈ। ਇਸ ਕਾਰਨ ਲੋਕਾਂ, ਕਿਸਾਨਾਂ ਅਤੇ ਪੰਜਾਬ ਦੇ ਕਾਰੋਬਾਰੀਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਅਤੇ ਪੰਜਾਬ ਵਿਚ ਫਿਰ ਤੋਂ ਬਿਜਲੀ ਗੁੱਲ ਹੋ ਸਕਦੀ ਹੈ।