ਪੰਜਾਬ ਸਣੇ ਇਨ੍ਹਾਂ ਸੂਬਿਆਂ ਦੇ ਲੋਕਾਂ ਨੂੰ ਠਾਰੇਗੀ ਸੀਤ ਲਹਿਰ : ਮੌਸਮ ਵਿਭਾਗ

by jaskamal

ਨਿਊਜ਼ ਡੈਸਕ (ਜਸਕਮਲ) : ਭਾਰਤ ਦੇ ਮੌਸਮ ਵਿਭਾਗ (IMD) ਨੇ ਆਪਣੇ ਤਾਜ਼ਾ ਬੁਲੇਟਿਨ 'ਚ ਭਵਿੱਖਬਾਣੀ ਕੀਤੀ ਹੈ ਕਿ ਅਗਲੇ 24 ਘੰਟਿਆਂ 'ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਤੇ ਮੱਧ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਤੇ ਮੱਧ ਭਾਰਤ ਦੇ ਪ੍ਰਮੁੱਖ ਰਾਜਾਂ 'ਚ ਠੰਢ ਤੋਂ ਲੈ ਕੇ ਗੰਭੀਰ ਸੀਤ ਲਹਿਰ ਦੇ ਹਾਲਾਤ ਦੇਖਣ ਨੂੰ ਮਿਲਣਗੇ। ਹਾਲਾਂਕਿ 30 ਜਨਵਰੀ ਤੋਂ ਹਾਲਾਤ ਹੌਲੀ-ਹੌਲੀ ਘੱਟ ਹੋਣੇ ਸ਼ੁਰੂ ਹੋ ਜਾਣਗੇ।

ਮੌਸਮ ਵਿਭਾਗ ਨੇ ਅਗਲੇ 24 ਘੰਟਿਆਂ ਦੌਰਾਨ ਭਾਰਤ ਦੇ ਉੱਤਰੀ-ਪੱਛਮੀ ਤੇ ਕੇਂਦਰੀ ਹਿੱਸਿਆਂ 'ਚ ਘੱਟੋ-ਘੱਟ ਤਾਪਮਾਨ 'ਚ ਕੋਈ ਬਦਲਾਅ ਨਾ ਹੋਣ ਦੀ ਭਵਿੱਖਬਾਣੀ ਕੀਤੀ ਹੈ, ਜਿਸ ਤੋਂ ਬਾਅਦ ਤਾਪਮਾਨ 'ਚ ਚਾਰ ਤੋਂ ਛੇ ਡਿਗਰੀ ਸੈਲਸੀਅਸ ਦਾ ਵਾਧਾ ਹੋਵੇਗਾ। ਇਨ੍ਹਾਂ ਖੇਤਰਾਂ 'ਚ ਐਤਵਾਰ (30 ਜਨਵਰੀ) ਤੋਂ 2 ਫਰਵਰੀ ਤਕ ਵੱਧ ਤੋਂ ਵੱਧ ਤਾਪਮਾਨ 'ਚ 3 ਤੋਂ 5 ਡਿਗਰੀ ਸੈਲਸੀਅਸ ਤੱਕ ਦਾ ਵਾਧਾ ਹੋਣ ਦੀ ਸੰਭਾਵਨਾ ਹੈ ਪਰ ਇਸ ਤੋਂ ਬਾਅਦ ਫਿਰ ਤੋਂ ਡਿੱਗ ਜਾਵੇਗਾ।

ਇਸ ਦੌਰਾਨ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ 'ਚ 2 ਤੋਂ 4 ਫਰਵਰੀ ਦਰਮਿਆਨ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ। ਨਵੀਂ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ, ਜੰਮੂ-ਕਸ਼ਮੀਰ, ਬਿਹਾਰ, ਅਸਾਮ, ਮੇਘਾਲਿਆ ਤੇ ਮੱਧ ਮਹਾਰਾਸ਼ਟਰ ਦੇ ਕੁਝ ਸਥਾਨਾਂ 'ਤੇ ਘੱਟੋ-ਘੱਟ ਤਾਪਮਾਨ ਸ਼ੁੱਕਰਵਾਰ ਨੂੰ 1.6 ਤੋਂ ਤਿੰਨ ਡਿਗਰੀ ਸੈਲਸੀਅਸ ਤੱਕ ਆਮ ਨਾਲੋਂ ਘੱਟ ਹੋਵੇਗ। ਦਿੱਲੀ ਦੀ ਸਫਦਰਜੰਗ ਆਬਜ਼ਰਵੇਟਰੀ (ਰਾਸ਼ਟਰੀ ਰਾਜਧਾਨੀ ਦਾ ਅਧਿਕਾਰਤ ਮੌਸਮ ਰਿਕਾਰਡਰ) ਨੇ ਸ਼ੁੱਕਰਵਾਰ ਨੂੰ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 20.6 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।