ਕਪੂਰਥਲਾ (ਇੰਦਰਜੀਤ ਸਿੰਘ) : ਪਰਾਲੀ ਨੂੰ ਅੱਗ ਨਾ ਲਾਉਣ ਅਤੇ ਇਸ ਨੂੰ ਜਮੀਨ ਵਿੱਚ ਮਿਲਾਉਣ ਸਬੰਧੀ ਜ਼ਿਲਾ੍ਹ ਪ੍ਰਸ਼ਾਸ਼ਨ ਕਪੂਰਥਲਾ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਦੇ ਪ੍ਰਚਾਰ ਸਦਕਾ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਕਿਸਾਨਾਂ ਦੀ ਮਾਨਸਿਕਤਾ ਵਿੱਚ ਬਦਲਾਵ ਵੇਖਣ ਨੂੰ ਮਿਲ ਰਿਹਾ ਹੈ।ਕਿਸਾਨ ਜਿੱਥੇ ਪਰਾਲੀ ਨੂੰ ਅੱਗ ਲਾ ਕੇ ਸਾੜ ਦਿੰਦੇ ਸਨ ਹੁਣ ਪਰਾਲੀ ਨੂੰ ਜਮੀਨ ਵਿੱਚ ਮਿਲਾ ਕੇ ਇਸ ਦਾ ਲਾਭ ਲੈ ਰਹੇ ਹਨ।ਅਜਿਹੇ ਕਿਸਾਨ ਜਿੱਥੇ ਆਪਣਾ ਫਾਇਦਾ ਲੈ ਰਹੇ ਨੇ ਹੋਰਨਾਂ ਕਿਸਾਨਾਂ ਲਈ ਰਾਹ ਦਸੇਰਾ ਵੀ ਬਣ ਰਹੇ ਨੇ। ਪਿੰਡ ਠੀਕਰੀਵਾਰ ਬਲਾਕ ਢਿਲਵਾਂ ਜ਼ਿਲ੍ਹਾ ਕਪੂਰਥਲਾ ਦੇ ਵਾਸੀ ਗੁਰਵਿੰਦਰ ਸਿੰਘ ਉਰਫ ਸੋਨੀ ਵੀ ਇੱਕ ਐਸਾ ਕਿਸਾਨ ਹੈ ਜੋ ਆਪਣੀ ਮਿਹਨਤ,ਉਸਾਰੂ ਸੋਚ,ਦ੍ਰਿੜਤਾ ਅਤੇ ਹੱਠੀ ਹੋਣ ਕਰਕੇ ਇਲਾਕੇ ਵਿੱਚ ਵੱਖਰੀ ਪਹਿਚਾਣ ਰੱਖਦਾ ਹੈ।
ਗੁਰਵਿੰਦਰ ਦੀ ਆਪਣੀ 18 ਕਿੱੱਲੇ ਦੀ ਮਾਲਕੀ ਹੈ ਅਤੇ ਕੁੱਲ 150 ਕਿੱੱਲੇ ਦੀ ਵਾਹੀ ਕਰਦਾ ਹੈ।ਘਰੇਲੂ ਕਾਰਨਾਂ ਕਰਕੇ ਖੇਤੀਬਾੜੀ ਦੀ ਪੜਾਈ ਪੂਰੀ ਨਾ ਕਰ ਸਕਿਆ ਪਰ ਖੇਤੀ ਦੀਆਂ ਬਰੀਕੀਆਂ ਨੂੰ ਸਮਝਣ ਦੇ ਸਮਰੱਥ, ਨਵੀਨਤਮ ਖੇਤੀ ਮਸ਼ੀਨਰੀ ਦੀ ਪੂਰੀ ਮੁਹਾਰਤ ਰੱਖਦਾ ਹੈ।ਕਿਸਾਨ ਦੀ ਸਾਰੀ ਜਮੀਨ ਕੱੱਲਰ ਨਾਲ ਬੁਰੀ ਤਰਾਂ ਪ੍ਰਭਾਵਿਤ ਹੋਣ ਕਰਕੇ ਮੀਂਹ ਦਾ ਪਾਣੀ ਹਰ ਸਾਲ ਆਸਾਂ ਤੇ ਪਾਣੀ ਫੇਰ ਦਿੰਦਾਂ ਸੀ।ਖੇਤੀ ਕਰਨਾ ਇੱਕ ਵੱਡੀ ਮੁਸ਼ਕਿਲ ਸੀ। ਸਾਲ 2002 ਵਿੱਚ ਤਹਿ ਤੋੜ ਵਰਤਣ ਨਾਲ ਪਾਣੀ ਜੀਰਣ ਦੀ ਸਮੱੱਸਿਆ ਵਿੱਚ ਕੁਝ ਸੁਧਾਰ ਹੋਣਾਂ ਸ਼ੁਰੂ ਹੋਇਆ।ਹੋਲੀ ਹੋਲੀ ਆਸ ਦੀ ਕਿਰਣ ਦਿਸਣ ਲੱਗੀ।
ਸਖਤ ਮਿਹਨਤੀ ਅਤੇ ਜੁਝਾਰੂ ਜਜਬੇ ਵਾਲੇ ਗੁਰਵਿੰਦਰ ਸਿੰਘ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਦੇ ਸਹਿਯੋਗ ਨਾਲ 4 ਸਾਲ ਪਹਿਲਾਂ ਉਲਟਾਂਵਾਂ ਹੱਲ ਖਰੀਦਿਆ ਅਤੇ ਪਰਾਲੀ ਨੂੰ ਨਾ ਸਾੜਨ ਦਾ ਪ੍ਰਣ ਲਿਆ, ਪਰਾਲੀ ਨੂੰ ਸਾੜਨ ਦੇ ਬਿਜਾਏ ਖੇਤਾਂ ਵਿੱਚ ਵਾਹੁਣ ਨੂੰ ਤਰਜੀਹ ਦਿੱਤੀ ਗਈ ।ਉਸ ਦਾ ਕਹਿਣਾ ਹੈ ਕਿ ਕੱੱਲਰ ਵਾਲੀਆ ਪੈਲੀਆ ਸਖਤ ਅਤੇ ਚੀੜੀਆਂ ਹੋਣ ਕਰਕੇ ਪਹਿਲੇ ਸਾਲ ਖੇਤ ਨੂੰ ਤਿਆਰ ਕਰਨ ਵਿੱਚ ਮੁਸ਼ਕਿਲ ਆਉਦੀ ਹੈ ਪ੍ਰੰਤੂ ਬਾਅਦ ਵਿੱਚ ਸਭ ਸੁਖਾਲਾ ਹੋਈ ਜਾਂਦਾ।ਮੈਨੂੰ ਆਸ ਪਾਸ ਦੇ ਕਿਸਾਨ ਕੱੱਲਰ ਵਾਲੀਆ ਪੈਲੀਆ ਵਿੱਚ ਪਰਾਲੀ ਦਬਾਉਣ ਕਰਕੇ ਮੂਰਖ ਕਹਿਣ ਲੱਗੇ ਪ੍ਰੰਤੂ ਉਹੀ ਕਿਸਾਨਾਂ ਨੇ ਜਦ ਕਣਕ ਦਾ ਜਮਾਵ ਅਤੇ ਝਾੜ ਵੇਖਿਆ ਤਾ ਖੁਦ ਹੀ ਉਹਨਾਂ ਨੂੰ ਇਸ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ।ਉਸ ਦਾ ਕਹਿਣਾ ਹੈ ਕਿ ਨਵੀ ਸ਼ੁਰੂਆਤ ਲਈ ਸਾਨੂੰ ਆਪਣੇ ਰਸਤੇ ਤੇ ਚਲਦੇ ਰਹਿਣਾ ਚਾਹੀਦਾ ਹੈ, ਲੋਕਾਂ ਤਾਂ ਕੁਝ ਕਹਿਣਗੇ ਹੀ ਤੇ ਕਹਿਣ ਵੀ ਦੇਣਾ ਚਾਹੀਦਾ ਹੈ।
ਢਾਈ ਸਾਲ ਪਹਿਲਾਂ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਖਰੀਦ ਕੇ ਹਰ ਸਾਲ ਤਕਰੀਬਨ 300 ਏਕੜ ਰਕਬੇ ਦੀ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਦਾ ਸੁਨੇਹਾ ਕਿਸਾਨਾਂ ਨੂੰ ਦੇਣਾ ਸ਼ੁਰੂ ਕੀਤਾ।ਉਸ ਦਾ ਕਹਿਣਾ ਹੈ ਕਿ ਉਹ ਸੁਪਰ ਐਸ ਐਮ ਐਸ ਵਾਲੀ ਕੰਬਾਈਨ ਨਾਲ ਇੱਕ ਦਿਨ ਵਿੱਚ ਹੁਣ ਤੱਕ ਵੱਧ ਤੋਂ ਵੱਧ 19 ਏਕੜ ਕਟਾਈ ਕਰ ਚੁੱਕੇ ਹਨ ਉਹਨਾਂ ਨੂੰ ਕਦੇ ਵੀ ਕੋਈ ਸਮੱੱਸਿਆਂ ਨਹੀ ਆਈ ।ਉਹ ਇਹ ਪਹਿਲਾਂ ਪਲੈਨ ਕਰਦੇ ਹਨ ਕਿ ਐਸ ਐਮ ਐਸ ਵਾਲੀ ਕੰਬਾਈਨ ਵਰਤਣ ਤੋਂ ਬਾਅਦ ਕਿਹੜਾ ਸੰਦ ਵਰਤਿਆਂ ਜਾਣਾ ਹੈ ਅਤੇ ਉਸੇ ਅਨੁਸਾਰ ਪਰਾਲੀ ਦੇ ਟੁਕੜਿਆ ਦਾ ਸਾਈਜ ਦਾ ਫੈਸਲਾ ਕਰਦੇ ਹਨ।
ਇਸ ਤਰਾਂ ਕੰਬਾਈਨ ਦੀ ਕੁਸ਼ਲਤਾ ਵੀ ਵੱਧਦੀ ਹੈ ਅਤੇ ਖਰਚਾ ਵੀ ਘੱਟਦਾ ਹੈ। ਐਸ ਐਮ ਐਸ ਵਾਲੀ ਕੰਬਾਈਨ ਨਾਲ ਝੋਨੇਂ ਦੀ ਕਟਾਈ ਕਰਨ ਉਪਰੰਤ ਉਹ ਮਲਚਰ ਦੀ ਵਰਤੋਂ ਕਰਕੇ ਉਲਟਾਂਵੇ ਹੱਲ ਨਾਲ ਪਰਾਲੀ ਜਮੀਨ ਵਿੱਚ ਦੱਬ ਦਿੰਦੇ ਹਨ ਅਤੇ ਫਿਰ ਸੁਹਾਗਾ ਮਾਰਦੇ ਹਨ।ਫਿਰ ਰੋਟਾਵੇਟਰ ਵਰਤਣ ਤੇ ਸੁਹਾਗਾ ਮਾਰ ਕੇ ਜੀਰੋ ਟਿਲ ਡਰਿਲ ਜਾਂ ਛੱਟੇ ਨਾਲ ਨਾਲ ਕਣਕ ਦੀ ਬਿਜਾਈ ਕਰਦੇ ਹਨ।ਕਲਰ ਵਾਲੀਆਂ ਜਮੀਨਾਂ ਹੋਣ ਕਰਕੇ 42 ਕਿਲੋ ਬੀਜ ਦੀ ਵਰਤੋਂ ਕੀਤੀ ਜਾਂਦੀ ਹੈ।ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਕਰਕੇ ਰੂੜੀ ਦੀ ਲੋੜ ਨਹੀ ਪੈਦੀ ਵੈਸੇ ਵੀ ਇੰਨੀ ਰੂੜੀ ਲਿਆਉਣੀ ਕਿਥੋ? ਇਹਨੀ ਰੂੜੀ ਤਾਂ ਸਾਡੇ ਕੋਲ ਹੈ ਹੀ ਨਹੀ ਜੋ ਸਾਰੇ ਖੇਤਾਂ ਵਿੱਚ ਪਾਈ ਜਾ ਸਕੇ ਪਰ ਪਰਾਲੀ ਤਾਂ ਸਾਰੇ ਖੇਤਾਂ ਵਿੱਚ ਪਾਈ ਜਾ ਸਕਦੀ।ਉਹਨਾਂ ਕਿਹਾ ਕਿ ਜਦੋਂ ਦੀ ਅਸੀ ਪਰਾਲੀ ਜਮੀਨ ਵਿੱਚ ਮਿਲਾ ਰਹੇ ਹਾਂ ਸਾਡੀਆਂ ਜਮੀਨਾਂ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੋਇਆ ਹੈ।
ਪਾਣੀ ਜੀਰਨ ਲੱੱਗ ਪਿਆ ਹੈ।ਝਾੜ ਵਿੱਚ ਵਾਧਾ ਹੋ ਰਿਹਾ ਹੈ। ਪਹਿਲਾਂ ਇਹਨਾਂ ਜਮੀਨਾਂ ਤੋਂ ਕਣਕ ਦਾ ਝਾੜ 12-15 ਕੁਇੰਟਲ ਪ੍ਰਤੀ ਏਕੜ ਆਉਦਾ ਸੀ ਜੋ ਹੁਣ 18-22 ਕੁਇੰਟਲ ਪ੍ਰਤੀ ਏਕੜ ਆਉਦਾ ਹੈ।ਵੱਧ ਤੋਂ ਵੱਧ ਝਾੜ 24 ਕੁਇੰਟਲ ਪ੍ਰਤੀ ਏਕੜ ਹੋ ਗਿਆ ਹੈ ਇਹ ਕਮਾਲ ਉਲਟਾਂਵੇ ਹੱਲ ਅਤੇ ਪਰਾਲੀ ਦਾ ਹੈ ।ਨਵੀਨਤਮ ਮਸ਼ੀਨੀਕਰਣ ਦੀ ਮੁਹਾਰਤ ਰੱਖਣ ਵਾਲੇ ਕਿਸਾਨ ਕੋਲ ਇਸ ਵੇਲੇ ਪਰਾਲੀ ਦੀ ਸਮੱੱਸਿਆਂ ਨੂੰ ਨਜਿਠਣ ਲਈ 3 ਟਰੈਕਟਰ, 1 ਸੁਪਰ ਐਸ ਐਮ ਐਸ ਵਾਲੀ ਕੰਬਾਈਨ, 2 ਜੀਰੋ ਟਿਲ ਡਰਿਲ, 1 ਹਾਈਡਰੋਲਿਕ ਐਮ ਬੀ ਪਲਾਉ ਅਤੇ 1 ਹਾਈਡਰੋਲਿਕ ਤਵੀਆਂ ਹਨ। ਉਹਨਾਂ ਦਾਂ ਕਹਿਣਾ ਹੈ ਕਿ ਪਰਾਲੀ ਨੂੰ ਸਾਂਭਣ ਲਈ ਖੇਤੀਬਾੜੀ ਵਿਭਾਗ ਵੱਲੋਂ ਸਿਫਾਰਸ਼ ਮਸ਼ੀਨਾਂ ਦੀ ਚੋਣ ਆਪਣੀ ਜਮੀਨ ਦੀ ਤਾਸੀਰ ਅਨੁਸਾਰ ਕਰਨ ਚਾਹੀਦੀ ਹੈ ਅਤੇ ਆਪਣੇ ਇਲਾਕੇ ਦੇ ਸਫਲ ਕਿਸਾਨਾਂ ਨਾਲ ਵੀ ਸਲਾਹ ਮਸ਼ਵਰਾਂ ਜਰੂਰ ਕਰ ਲੈਣਾ ਚਾਹੀਦਾ ਹੈ।ਹਰ ਮਸ਼ੀਨ ਹਰ ਜਮੀਨ ਲਈ ਢੁਕਵੀ ਨਹੀ ਹੋ ਸਕਦੀ।ਪਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਬਾਰੇ ਉਸ ਦਾ ਕਹਿਣਾਂ ਹੈ ਕਿ ਸਾਨੂੰ ਸਾਰਿਆ ਨੂੰ ਪਹਿਲਾਂ ਆਪਣਾ ਆਪ ਸੁਧਾਰਨਾ ਚਾਹੀਦਾ ਹੈ ਲੋਕ ਵੇਖੋ ਵੇਖੀ ਆਪਣੇ ਆਪ ਸੁਧਰ ਜਾਣਗੇ।
ਜਦ ਤੱਕ ਕਿਸਾਨ ਪਗਡੰਡੀ ਨਹੀ ਛੱਡਦੇ ਉਹਨੀ ਦੇਰ ਤੱਕ ਖੇਤੀ ਦੀਆਂ ਮੁਸ਼ਕਿਲਾਂ ਦੇ ਹੱਲ ਨਹੀ ਕੱਢੇ ਜਾ ਸਕਦੇ, ਖੇਤੀ ਵਿੱਚ ਸੁਧਾਰ ਨਹੀ ਲਿਆਦਾਂ ਜਾ ਸਕਦਾ।ਸੋਚ ਵਿੱਚ ਬਦਲਾਵ ਲਿਆ ਕੇ ਸਭ ਸੰਭਵ ਹੈ। ਤਕਰੀਬਨ 75 ਏਕੜ ਕਣਕ ਦੀ ਉਪਜ ਉਹ ਆਈ ਟੀ ਸੀ ਕਪੂਰਥਲਾ ਕੰਪਨੀ ਨੂੰ ਸਿਧੀ ਦਿੰਦੇ ਹਨ ਜਿਸ ਨਾਲ ਉਹਨਾਂ ਨੂੰ ਕਣਕ ਮੰਡੀ ਵਿੱਚ ਵੇਚਣ ਨਾਲੋਂ ਮੁਨਾਫਾ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਇਕ ਵਧੀਆ ਸਹੂਲਤ ਹੈ ਅਤੇ ਇਸ ਨਾਲ ਉਹਨਾਂ ਦਾ ਸਮਾਂ ਬਚਦਾ ਹੈ, ਪੇਮੈਂਟ ਉਸੇ ਵੇਲੇ ਮਿਲ ਜਾਂਦੀ ਹੈ ਕੋਈ ਵੀ ਸਫਾਈ ਆਦਿ ਦੀ ਕਾਟ ਨਹੀ ਦੇਣੀ ਪੈਦੀ ਸਿਰਫ ਕਣਕ ਨੂੰ ਉਹਨਾਂ ਦੇ ਮਾਪ ਦੰਡਾ ਅਨੁਸਾਰ ਉਤਰਨਾ ਜਰੂਰੀ ਹੈ।ਆਸ ਪਾਸ ਦੇ ਕਿਸਾਨ ਵੀ ਇਸ ਦਾ ਲਾਭ ਲੈ ਰਹੇ ਨੇ।ਪਿਛਲੇ 3 ਸਾਲਾਂ ਤੋਂ ਆਈ ਟੀ ਸੀ ਕਪੂਰਥਲਾ ਦੇ ਮਾਪ ਦੰਡਾ ਅਨੁਸਾਰ ਕਣਕ ਪੈਦਾ ਕਰਕੇ ਉਹਨਾਂ ਵੱਲੋਂ ਦਿੱਤੀ ਗਈ ਹੈ ਪਿਛਲੇ ਸਾਲ ਆਈ ਟੀ ਸੀ ਕਪੂਰਥਲਾ ਨੂੰ ਸਭ ਤੋਂ ਵੱਧ ਕਣਕ ਦੇਣ ਵਾਲੇ ਕਿਸਾਨ ਦਾ ਸਨਮਾਨ ਹਾਸਿਲ ਕੀਤਾ ਹੈ ।
ਉਲਟਾਂਵੇ ਹੱੱਲ ਨਾਲ ਪਰਾਲੀ ਨੂੰ ਜਮੀਨ ਵਿੱਚ ਮਿਲਾਉਣ ਲਈ ਆਉਦੇ ਖਰਚੇ ਬਾਰੇ ਬੋਲਦਿਆ ਉਹਨਾਂ ਕਿਹਾ ਕਿ ਖਰਚ ਤਾਂ ਜਰੂਰ ਵੱਧ ਆਉਦਾ ਪਰ 2 ਕੁਇੰਟਲ ਤੱਕ ਕਿਲੇ ਦਾ ਵੱਧ ਝਾੜ ਅਤੇ ਜਮੀਨ ਦਾ ਸੁਧਾਰ ਬਹੁਤ ਅਹਿਮੀਅਤ ਰੱਖਦਾ।ਰੋਜੀ ਰੋਟੀ ਲਈ ਸਬ ਕੁੱਝ ਕਰਨਾ ਪੈਦਾ।ਸਾਡੇ ਬਜੁਰਗਾਂ ਦੀ ਸਾਰੀ ਉਮਰ ਬੀਤ ਗਈ ਕੱਲਰ ਮਾਰਦੇ ਪਰ ਪਰਾਲੀ ਨੇ ਇਹ ਕੰਮ ਅਸਾਨ ਕਰ ਦਿੱਤਾ ਹੈ।ਇਲਾਕੇ ਦੀ ਸਭ ਤੋਂ ਮਾੜੀ ਜਮੀਨ ਨੂੰ ਸੁਧਾਰਨ ਵਿੱਚ ਅੱਜ ਖੁਸ਼ੀ ਮਹਿਸੂਸ ਕਰਦੇ ਹਨ।ਆਸ ਹੈ ਹੋਰ ਕਿਸਾਨ ਵੀ ਪਰਾਲੀ ਨੂੰ ਸਾੜਨ ਦੇ ਬਿਜਾਏ ਆਪਣੇ ਖੇਤਾਂ ਵਿਚ ਮਿਲਾ ਕੇ ਆਪਣੀਆਂ ਜਮੀਨਾਂ ਦਾ ਸੁਧਾਰ ਕਰਨਗੇ ਅਤੇ ਜਮੀਨ ਦੀ ਉਪਜਾਊ ਸਕਤੀ ਵਿੱਚ ਵਾਧਾ ਕਰਕੇ ਆਪਣੀ ਆਮਦਨ ਵਿੱਚ ਵਾਧਾ ਕਰਨਗੇ।ਪਰਾਲੀ ਕੰਮ ਦੀ ਚੀਜ ਹੈ ਇਸ ਨੂੰ ਸਾੜ ਕੇ ਆਪਣਾ ਨੁਕਸਾਨ ਨਹੀ ਕਰਨਗੇ।
ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਕੰਵਲਜੀਤ ਸਿੰਘ ਨੇ ਕਿਹਾ ਕਿ ਕਪੂਰਥਲਾ ਦੇ ਕਿਸਾਨ ਬਹੁਤ ਉਸਾਰੂ ਸੋਚ ਦੇ ਹਨ ਪਿਛਲੇ ਸਾਲ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਪਰਾਲੀ ਨੂੰ ਜਮੀਨ ਵਿੱਚ ਮਿਲਾਇਆ ਸੀ ਮੈਂ ਇਸ ਵਾਰ ਵੀ ਅਪੀਲ ਕਰਦਾ ਹਾਂ ਕਿ ਆਉ ਸਾਰੇ ਰਲ ਕੇ ਆਪਣੇ ਅਤੇ ਗੁਰਪੁਰਬ ਮੌਕੇ ਪਹੁੰਚ ਰਹੀਆਂ ਸੰਗਤਾਂ ਲਈ ਚੰਗਾ ਵਾਤਾਵਰਣ ਸਿਰਜੀਏੇ।ਨਵੀਆਂ ਤਕਨੀਕਾਂ ਅਤੇ ਅਧੁਨਿਕ ਮਸ਼ੀਨਾਂ ਨਾਲ ਪਰਾਲੀ ਨੂੰ ਜਮੀਨ ਵਿੱਚ ਮਿਲਾ ਕੇ ਜਮੀਨਾਂ ਦਾ ਸੁਧਾਰ ਕਰੀਏੇ।ਧਰਤੀ ਦੀ ਉਪਜਾਊ ਸ਼ਕਤੀ ਵਧਾਈਏ।ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱੱਗ ਲਾਉਣਾ ਹੁਣ ਛੱਡੀਏ।



