ਹਿਮਾਚਲ ‘ਚ 16 ਮਈ ਤਕ ‘complete ਕਰਫਿਊ’

by vikramsehajpal

ਹਿਮਾਚਲ(ਦੇਵ ਇੰਦਰਜੀਤ) : ਹਿਮਾਚਲ ’ਚ ਕੋਰੋਨਾ ਦੇ ਵੱਧਦੇ ਕੇਸਾਂ ਦਰਮਿਆਨ ਸਖ਼ਤ ਕਦਮ ਚੁੱਕਣ ਨੂੰ ਲੈ ਕੇ ਸਾਰੇ ਦਲਾਂ ਦੀ ਬੈਠਕ ਤੋਂ ਬਾਅਦ ਕੈਬਨਿਟ ਨੇ ਬੈਠਕ ਬੁਲਾਈ ਸੀ। ਮੁੱਖ ਮੰਤਰੀ ਜੈਰਾਮ ਠਾਕੁਰ ਦੀ ਪ੍ਰਧਾਨਗੀ ਵਿਚ ਹੋਈ ਬੈਠਕ ’ਚ ਕੋਰੋਨਾ ਕਰਫਿਊ ਲਾਉਣ ਦਾ ਐਲਾਨ ਕੀਤਾ ਗਿਆ ਹੈ। ਹਾਲਾਂਕਿ ਕਿ ਵਿਰੋਧੀ ਧਿਰ ਨੇ ਤਾਲਾਬੰਦੀ ਲਾਉਣ ਦੀ ਸਿਫਾਰਸ਼ ਕੀਤੀ ਸੀ।

ਹਿਮਾਚਲ ਪ੍ਰਦੇਸ਼ ’ਚ ਵੀ ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ। ਕੋਰੋਨਾ ਦੇ ਵੱਧਦੇ ਮਾਮਲਿਆਂ ਦਰਮਿਆਨ ਸਰਕਾਰ ਨੇ ਸਖਤੀ ਹੋਰ ਵਧਾ ਦਿੱਤੀ ਹੈ। ਹਿਮਾਚਲ ਪ੍ਰਦੇਸ਼ ’ਚ ਸਰਕਾਰ ਨੇ ਸਖ਼ਤ ਕੋਰੋਨਾ ਕਰਫਿਊ ਲਾ ਦਿੱਤਾ ਹੈ। 16 ਮਈ ਤੱਕ ਸਖ਼ਤ ਪਾਬੰਦੀਆਂ ਰਹਿਣਗੀਆਂ। ਸਰਕਾਰ ਨੇ ਮੁਕੰਮਲ ਤਾਲਾਬੰਦੀ ਦੀ ਬਜਾਏ ਕੋਰੋਨਾ ਕਰਫਿਊ ਲਾਇਆ ਹੈ।

ਅਗਲੇ ਹੁਕਮ ਤੱਕ ਸਾਰੇ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਬੰਦ ਰਹਿਣਗੀਆਂ। ਹਿਮਾਚਲ ਪ੍ਰਦੇਸ਼ ਵਿਚ ਕੱਲ੍ਹ ਯਾਨੀ ਕਿ ਵੀਰਵਾਰ ਰਾਤ ਤੋਂ ਨਵੀਆਂ ਪਾਬੰਦੀਆਂ ਲਾਗੂ ਹੋ ਜਾਣਗੀਆਂ। 6 ਮਈ ਯਾਨੀ ਕਿ ਕੱਲ੍ਹ ਤੋਂ ਪ੍ਰਦੇਸ਼ ’ਚ ਧਾਰਾ-144 ਲਾਗੂ ਰਹੇਗੀ। ਇਸ ਦੇ ਤਹਿਤ ਇਕ ਥਾਂ ’ਤੇ 5 ਤੋਂ ਵਧੇਰੇ ਲੋਕ ਇਕੱਠੇ ਨਹੀਂ ਹੋ ਸਕਣਗੇ। ਬਾਜ਼ਾਰ ਵੀ ਮੁਕੰਮਲ ਤੌਰ ’ਤੇ ਬੰਦ ਰਹਿਣਗੇ। ਵਿੱਦਿਅਕ ਅਦਾਰੇ ਵੀ ਅਣਮਿੱਥੇ ਸਮੇਂ ਲਈ ਬੰਦ ਰਹਿਣਗੇ। 10ਵੀਂ ਅਤੇ 11ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪ੍ਰਮੋਟ ਕਰ ਦਿੱਤਾ ਗਿਆ ਹੈ।

ਬੈਠਕ ਮਗਰੋਂ ਵਿਰੋਧੀ ਧਿਰ ਨੇ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਜੋ ਵੀ ਸਖ਼ਤ ਫ਼ੈਸਲਾ ਲਵੇਗੀ ਵਿਰੋਧੀ ਧਿਰ ਉਸ ਦਾ ਵਿਰੋਧ ਨਹੀਂ ਕਰੇਗਾ। ਜ਼ਿਕਰਯੋਗ ਹੈ ਕਿ ਹਿਮਾਚਲ ਪ੍ਰਦੇਸ਼ ’ਚ ਕੋਰੋਨਾ ਕੇਸਾਂ ਦਾ ਅੰਕੜਾ 1,11,234 ਤੱਕ ਪਹੁੰਚ ਗਿਆ ਹੈ। ਪ੍ਰਦੇਸ਼ ’ਚ ਹੁਣ ਤੱਕ ਕੋਰੋਨਾ ਨਾਲ 1,668 ਲੋਕਾਂ ਦਾ ਮੌਤ ਹੋ ਚੁੱਕੀ ਹੈ। ਉੱਥੇ ਹੀ 85,671 ਮਰੀਜ਼ ਕੋਰੋਨਾ ਜੰਗ ਜਿੱਤ ਚੁੱਕੇ ਹਨ।