ਜਾਨਵਰਾਂ ਵਰਗਾ ਸਲੂਕ ਕਰਦਾ ਰਿਹਾ ਆਪਣੀ ਪਤਨੀ ਨਾਲ ਕਾਂਸਟੇਬਲ ਪਤੀ

by

ਮੋਗਾ (ਇੰਦਰਜੀਤ ਸਿੰਘ) : ਕਰੀਬੀ ਰਿਸ਼ਤੇਦਾਰ ਲੜਕੀ ਨੂੰ ਸੌਂਕਣ ਬਣਾ ਕੇ ਘਰ ਵਿਚ ਲਿਆਉਣ ਦਾ ਵਿਰੋਧ ਕੀਤਾ ਤਾਂ ਪੁਲਿਸ ਕਾਂਸਟੇਬਲ ਪਤੀ ਆਪਣੀ ਪਤਨੀ ਨਾਲ ਜਾਨਵਰਾਂ ਵਰਗਾ ਸਲੂਕ ਕਰਦਾ ਰਿਹਾ। ਉਹ ਵੀ ਇਕ ਜਾਂ ਦੋ ਸਾਲ ਨਹੀਂ, ਬਲਕਿ ਪਿਛਲੇ 13 ਸਾਲਾਂ ਤੋਂ। ਦੋ ਮਹੀਨੇ ਪਹਿਲਾਂ ਪਤੀ ਨੇ ਪਤਨੀ ਦਾ ਮੂੰਹ ਕਾਲਾ ਕੀਤਾ ਅਤੇ ਵਾਲ ਕੱਟ ਕੇ ਪਿੰਡ ਵਿਚ ਵੀ ਘੁਮਾਇਆ। ਇਸ 'ਤੇ ਥਾਣਾ ਸਦਰ ਪੁਲਿਸ ਨੇ ਮੁਲਜ਼ਮ ਕਾਂਸਟੇਬਲ ਪਤੀ ਖ਼ਿਲਾਫ਼ ਕਾਰਵਾਈ ਦੀ ਬਜਾਏ ਸਮਝੌਤਾ ਕਰਵਾ ਦਿੱਤਾ। ਪੀੜਤਾ ਮੰਗਲਵਾਰ ਨੂੰ ਐੱਸਐੱਸਪੀ ਅਮਰਜੀਤ ਸਿੰਘ ਬਾਜਵਾ ਨਾਲ ਮਿਲਣ ਪੁੱਜੀ। ਇਸ 'ਤੇ ਐੱਸਐੱਸਪੀ ਨੇ ਜਾਂਚ ਡੀਐੱਸਪੀ ਸਿਟੀ ਨੂੰ ਸੌਂਪ ਦਿੱਤੀ।ਪਿੰਡ ਝੰਡੇਆਨਾ ਗਰਬੀ ਵਾਸੀ ਜਸਵੀਰ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ 15 ਸਾਲ ਪਹਿਲਾਂ ਕਾਂਸਟੇਬਲ ਇੰਦਰਜੀਤ ਸਿੰਘ ਨਾਲ ਹੋਇਆ ਸੀ। ਦੋ ਸਾਲ ਸਭ ਕੁਝ ਠੀਕ ਰਿਹਾ। ਫਿਰ ਪਤੀ ਦੇ ਜ਼ੁਲਮ ਸ਼ੁਰੂ ਹੋ ਗਏ, ਜਿਹੜੇ ਕਿ ਉਹ ਸਹਿਣ ਕਰਦੀ ਰਹੀ। 

ਉਸ ਨੇ ਦੋਸ਼ ਲਾਇਆ ਕਿ ਪਤੀ ਦੇ ਕਰੀਬੀ ਰਿਸ਼ਤੇਦਾਰ ਲੜਕੀ ਨਾਲ ਨਾਜਾਇਜ਼ ਸਬੰਧ ਹਨ। ਲੜਕੀ ਦੀ ਤਿੰਨ ਵਾਰ ਕੁੜਮਾਈ ਵੀ ਹੋਈ, ਜਿਹੜੀ ਪਤੀ ਨੇ ਤੁੜਵਾ ਦਿੱਤੀ। ਉਹ ਖ਼ੁਦ ਉਸ ਨਾਲ ਵਿਆਹ ਕਰਨਾ ਚਾਹੁੰਦਾ ਹੈ। ਵਿਆਹ ਦਾ ਵਿਰੋਧ ਕਰਨ 'ਤੇ ਪਤੀ ਪਿਛਲੇ 13 ਸਾਲ ਤੋਂ ਉਸ 'ਤੇ ਜ਼ੁਲਮ ਕਰ ਰਿਹਾ ਹੈ।ਜਸਵੀਰ ਨੇ ਦੱਸਿਆ ਕਿ ਜ਼ੁਲਮਾਂ ਤੋਂ ਦੁਖੀ ਹੋ ਕੇ 26 ਦਸੰਬਰ, 2014 ਨੂੰ ਪਤੀ ਖ਼ਿਲਾਫ਼ ਐੱਫਆਈਆਰ ਦਰਜ ਕਰਵਾਈ, ਪਰ ਕਾਂਸਟੇਬਲ ਪਤੀ ਨੇ ਮਾਮਲਾ ਰਫਾ-ਦਫਾ ਕਰਵਾ ਦਿੱਤਾ। ਪਿਛਲੇ ਸਾਲ 29 ਨਵੰਬਰ ਨੂੰ ਪਤੀ ਨੇ ਉਸ ਦੇ ਵਾਲ ਕੱਟ ਦਿੱਤੇ ਅਤੇ ਮੂੰਹ ਕਾਲਾ ਕਰ ਕੇ ਪਿੰਡ ਵਿਚ ਘੁਮਾਇਆ। ਪਿੰਡ ਦੇ ਕੁਝ ਲੋਕਾਂ ਨੇ ਵੀ ਪਤੀ ਦਾ ਸਾਥ ਦਿੱਤਾ। ਕੁਝ ਲੋਕਾਂ ਨੇ ਇਸ ਦੀ ਵੀਡੀਓ ਵੀ ਬਣਾ ਲਈ। 

ਮਾਮਲਾ ਥਾਣਾ ਸਦਰ ਵਿਚ ਪੁੱਜਾ ਤਾਂ ਪਿੰਡ ਦੇ ਹੀ ਇਕ ਵਿਅਕਤੀ ਕਾਕਾ ਨੇ ਸਮਝੌਤਾ ਕਰਵਾ ਕੇ ਮਾਮਲਾ ਦਬਾ ਦਿੱਤਾ। ਇਸ ਮਗਰੋਂ ਉਸ ਦੇ ਪਤੀ ਦੇ ਜ਼ੁਲਮ ਹੋਰ ਵਧ ਗਏ। ਬੱਚੇ ਜਦੋਂ ਸਕੂਲ ਚਲੇ ਜਾਂਦੇ ਸਨ ਤਾਂ ਪਤੀ ਉਸ ਨੂੰ ਇਕ ਕਮਰੇ ਵਿਚ ਬੰਦ ਕਰ ਦਿੰਦਾ ਸੀ। 23 ਜਨਵਰੀ ਨੂੰ ਬੱਚਿਆਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਉਸ ਨੂੰ ਮੁਕਤ ਕਰਵਾਇਆ ਅਤੇ ਪਤੀ ਖ਼ਿਲਾਫ਼ ਐੱਫਆਈਆਰ ਦਰਜ ਕੀਤੀ। ਪਤੀ ਨੂੰ ਪੁਲਿਸ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ ਪਰ ਉਸ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। 

ਹੁਣ ਰਿਸ਼ਤੇਦਾਰ ਸਮਝੌਤੇ ਲਈ ਲਗਾਤਾਰ ਧਮਕਾ ਰਹੇ ਹਨ।ਜਸਵੀਰ ਕੌਰ ਨਾਲ ਪੁੱਜੀ ਧੀ ਮਨਦੀਪ ਕੌਰ ਨੇ ਦੱਸਿਆ ਕਿ ਪਿਤਾ ਬੇਵਜ੍ਹਾ ਮਾਂ ਨਾਲ ਕੁੱਟਮਾਰ ਕਰਦੇ ਹਨ। ਇਸ ਕਾਰਨ ਉਸ ਦਾ ਤੇ ਦਸਵੀਂ ਜਮਾਤ ਵਿਚ ਪੜ੍ਹ ਰਹੇ ਭਰਾ ਕੁਲਦੀਪ ਦਾ ਭਵਿੱਖ ਖ਼ਰਾਬ ਹੋ ਰਿਹਾ ਹੈ।ਐੱਸਐੱਸਪੀ ਅਮਰਜੀਤ ਸਿੰਘ ਬਾਜਵਾ ਤੋਂ ਇਸ ਮਾਮਲੇ ਵਿਚ ਉਨ੍ਹਾਂ ਦੀ ਪ੍ਰਤੀਕਿਰਿਆ ਜਾਣਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਅਜਿਹੀਆਂ 200 ਸ਼ਿਕਾਇਤਾਂ ਉਨ੍ਹਾਂ ਕੋਲ ਰੋਜ਼ ਆਉਂਦੀਆਂ ਹਨ। ਕਿਹੜੀ-ਕਿਹੜੀ 'ਤੇ ਪ੍ਰਤੀਕਿਰਿਆ ਦਿਆਂ।

More News

NRI Post
..
NRI Post
..
NRI Post
..