ਪੰਜਾਬ ਦੇ 25 % ਉਮੀਦਵਾਰਾਂ ‘ਤੇ ਦਰਜ ਨੇ ਅਪਰਾਧਿਕ ਮਾਮਲੇ; ਸਭ ਤੋਂ ਵੱਧ ਅੰਮ੍ਰਿਤਸਰ ‘ਚ; ਜਾਣੋ ਵੇਰਵੇ

by jaskamal

ਨਿਊਜ਼ ਡੈਸਕ : ਏਡੀਆਰ (ਐਸੋਸੀਏਸ਼ਨ ਫਾਰ ਡੈਮੋਕ੍ਰੇਟਿਕ ਰਿਫਾਰਮਸ) ਤੇ ਪੰਜਾਬ ਇਲੈਕਸ਼ਨ ਵਾਚ ਨੇ ਪੰਜਾਬ ਵਿਧਾਨ ਸਭਾ ਚੋਣਾਂ ਲੜ ਰਹੇ 1304 ’ਚੋਂ 1276 ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੇ ਸਾਹਮਣੇ ਦਰਜ ਹਲਫ਼ਨਾਮਿਆਂ ਦਾ ਵਿਸ਼ਲੇਸ਼ਣ ਕੀਤਾ ਹੈ। ਇਹ ਰਿਪੋਰਟ ਜਸਕੀਰਤ ਸਿੰਘ ਟਰੱਸਟੀ ਏਡੀਆਰ, ਪਰਵਿੰਦਰ ਸਿੰਘ ਕਿਟਨਾ ਪੰਜਾਬ ਇਲੈਕਸ਼ਨ ਵਾਚ ਵੱਲੋਂ ਜਾਰੀ ਕੀਤੀ ਗਈ ਹੈ। ਵਿਸ਼ਲੇਸ਼ਣ ਕੀਤੇ ਗਏ 1276 ਉਮੀਦਵਾਰਾਂ ’ਚੋਂ 228 ਰਾਸ਼ਟਰੀ ਦਲਾਂ ਦੇ ਹਨ, 256 ਰਾਜ ਦਲਾਂ ਦੇ ਹਨ, 345 ਰਜਿਸਟਰਡ ਗੈਰ-ਮਾਨਤਾ ਪ੍ਰਾਪਤ ਦਲਾਂ ਤੋਂ ਹਨ ਤੇ 447 ਉਮੀਦਵਾਰ ਆਜ਼ਾਦ ਚੋਣ ਲੜ ਰਹੇ ਹਨ। ਪੰਜਾਬ ਇਲੈਕਸ਼ਨ ਵਾਚ ਅਤੇ ਏਡੀਆਰ ਨੇ 28 ਉਮੀਦਵਾਰਾਂ, ਜਿਨ੍ਹਾਂ ਵਿਚ ਭਾਜਪਾ ਤੋਂ ਅਕਾਲੀ ਦਲ ਵਿਚ ਸ਼ਾਮਲ ਹੋਏ ਸਾਬਕਾ ਮੰਤਰੀ ਅਨਿਲ ਜੋਸ਼ੀ ਵੀ ਸ਼ਾਮਲ ਹਨ, ਦਾ ਵਿਸ਼ਲੇਸ਼ਣ ਨਹੀਂ ਕੀਤਾ ਹੈ ਕਿਉਂਕਿ ਉਨ੍ਹਾਂ ਦੇ ਹਲਫ਼ਨਾਮੇ ਜਾਂ ਤਾਂ ਪੂਰੀ ਤਰ੍ਹਾਂ ਸਕੈਨ ਨਹੀਂ ਕੀਤੇ ਗਏ ਸਨ ਜਾਂ ਪੂਰੇ ਹਲਫ਼ਨਾਮੇ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਅਪਲੋਡ ਨਹੀਂ ਹੋਏ।

1276 ਉਮੀਦਵਾਰਾਂ ’ਚੋਂ 315 (25 ਫ਼ੀਸਦੀ) ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ 'ਚ, ਵਿਸ਼ਲੇਸ਼ਣ ਕੀਤੇ ਗਏ 1145 ਉਮੀਦਵਾਰਾਂ 'ਚੋਂ 100 (9 ਫ਼ੀਸਦੀ) ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਸਨ। 218 (17 ਫ਼ੀਸਦੀ) ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਹਨ। 2017 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ 77 (7 ਫ਼ੀਸਦੀ ਉਮੀਦਵਾਰਾਂ ਨੇ ਆਪਣੇ ਖ਼ਿਲਾਫ਼ ਗੰਭੀਰ ਅਪਰਾਧਿਕ ਮਾਮਲੇ ਐਲਾਨੇ ਸਨ। ਪ੍ਰਮੁੱਖ ਦਲਾਂ ’ਚ, ਸ਼੍ਰੋਮਣੀ ਅਕਾਲੀ ਦਲ ਤੋਂ ਵਿਸ਼ਲੇਸ਼ਣ ਕੀਤੇ ਗਏ 96 ’ਚੋਂ 60 (63 ਫ਼ੀਸਦੀ) ‘ਆਪ’ ਦੇ ਵਿਸ਼ਲੇਸ਼ਣ ਕੀਤੇ ਗਏ 117 ਉਮੀਦਵਾਰਾਂ ’ਚੋਂ 27 (23 ਫ਼ੀਸਦੀ), ਭਾਜਪਾ ਤੋਂ ਵਿਸ਼ਲੇਸ਼ਣ ਕੀਤੇ ਗਏ 71 ਉਮੀਦਵਾਰਾਂ ’ਚੋਂ (21 ਫ਼ੀਸਦੀ) ਪਾਰਟੀ ਨੇ ਆਪਣੇ ਹਲਫ਼ਨਾਮੇ ’ਚ ਆਪਣੇ ਖ਼ਿਲਾਫ਼ ਅਪਰਾਧਿਕ ਮਾਮਲੇ ਐਲਾਨੇ ਹਨ।