ਜਲੰਧਰ ਸਟੇਸ਼ਨ ‘ਤੇ ਭੇਤ ਭਰੇ ਹਾਲਾਤ ਵਿਚ ਦਿਵਿਆਂਗ ਨੌਜਵਾਨ ਦੀ ਟ੍ਰੇਨ ਵਿਚ ਹੋਈ ਮੌਤ

by

ਜਲੰਧਰ ਡੈਸਕ : ਬਿਹਾਰ ਤੋਂ ਜਲੰਧਰ ਆ ਰਹੇ ਲੰਮਾ ਪਿੰਡ ਦੇ ਦਿਵਿਆਂਗ ਨੌਜਵਾਨ ਦੀ ਰੇਲ ਗੱਡੀ ਵਿਚ ਤਬੀਅਤ ਖ਼ਰਾਬ ਹੋਣ ਤੋਂ ਬਾਅਦ ਗੱਡੀ ਦੇ ਜਲੰਧਰ ਸਟੇਸ਼ਨ 'ਤੇ ਪੁੱਜਣ ਪਿਛੋਂ ਭੇਤ ਭਰੇ ਹਾਲਾਤ ਵਿਚ ਮੌਤ ਹੋ ਗਈ। ਮਿ੍ਤਕ ਨੌਜਵਾਨ ਬਿਹਾਰ ਦੇ ਸਮਸਤੀਪੁਰ ਤੋਂ ਜਲੰਧਰ ਲਈ ਕਟਿਹਾਰ ਐਕਸਪ੍ਰੈੱਸ ਵਿਚ ਬੈਠਾ ਸੀ।

ਪੂਰੇ ਮਾਮਲੇ ਵਿਚ ਦੁਖਾਂਤ ਇਹ ਹੈ ਕਿ ਰੇਲਵੇ ਲਾਈਫ ਲਾਈਨ ਵਿਚ ਇਲਾਜ ਵੇਲੇ ਸਿਰ ਮਿਲ ਜਾਂਦਾ ਤਾਂ ਸ਼ਾਇਦ ਇਹ ਨੌਜਵਾਨ ਮੌਤ ਦੇ ਮੂੰਹ ਵਿਚ ਨਾ ਜਾਂਦਾ।ਥਾਣਾ ਜੀਆਰਪੀ ਦੇ ਐੱਸਐੱਚਓ ਧਰਮਿੰਦਰ ਕਲਿਆਣ ਨੇ ਦੱਸਿਆ ਕਿ ਮਿ੍ਤਕ ਦੀ ਪਛਾਣ 18 ਸਾਲਾ ਸੰਜੀਵ ਪੁੱਤਰ ਦਿਨੇਸ਼ ਵਾਸੀ ਲੰਮਾ ਪਿੰਡ ਵਜੋਂ ਹੋਈ ਹੈ।

ਉਨ੍ਹਾਂ ਦਸਿਆ ਕਿ ਮਿ੍ਤਕ ਦਾ ਪਰਿਵਾਰ ਬਿਹਾਰ ਦਾ ਵਸਨੀਕ ਸੀ ਤੇ ਮਿ੍ਤਕ ਨੌਜਵਾਨ ਜਮਾਂਦਰੂ ਦਿਵਿਆਂਗ ਹੋਣ ਕਾਰਨ ਤੁਰ ਫਿਰ ਨਹੀਂ ਸਕਦਾ ਸੀ। ਮਿ੍ਤਕ ਦਾ ਬਾਪ ਦਿਨੇਸ਼ ਜਲੰਧਰ ਦੇ ਇਕ ਕਾਰਖ਼ਾਨੇ 'ਚ ਕੰਮ ਕਰਦਾ ਹੈ।ਦਿਨੇਸ਼ ਪੁੱਤਰ ਨੂੰ ਸਮਸਤੀਪੁਰ ਤੋਂ ਕਟਿਹਾਰ ਐਕਸਪ੍ਰਰੈੱਸ ਵਿਚ ਜਲੰਧਰ ਲਿਆ ਰਿਹਾ ਕਿ ਲੁਧਿਆਣਾ ਸਟੇਸ਼ਨ 'ਤੇ ਅਚਾਨਕ ਪੁੱਤਰ ਦੀ ਤਬੀਅਤ ਵਿਗੜੀ।

ਫੇਰ ਫਗਵਾੜੇ ਆ ਕੇ ਤਬੀਅਤ ਹੋਰ ਖ਼ਰਾਬ ਹੋ ਗਈ। ਜਦੋਂ ਗੱਡੀ ਜਲੰਧਰ ਪੁੱਜੀ ਤਾਂ ਉਸ ਦੀ ਭੇਤ ਭਰੇ ਹਾਲਾਤ ਵਿਚ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਮਿ੍ਤਕ ਦੇ ਪਰਿਵਾਰ ਨੇ ਕੋਈ ਵੀ ਕਾਰਵਾਈ ਕਰਾਉਣ ਤੋਂ ਇਨਕਾਰ ਕਰ ਦਿੱਤਾ ਹੈ, ਇਸ ਲਈ ਬਿਨਾਂ ਕਾਰਵਾਈ ਤੋਂ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ।