ਪਟਿਆਲਾ : ਡੇਰਾ ਪ੍ਰੇਮੀ ਕਤਲ ਮਾਮਲੇ 'ਚ ਮਨਿੰਦਰ ਅਤੇ ਗੁਰਸੇਵਕ ਸਿੰਘ ਸਣੇ ਪੰਜ ਜਾਣਿਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਦੀ ਅਪੀਲ ਸੁਣਦੇ ਹੋਏ ਅਦਾਲਤ ਨੇ ਉਕਤ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਸੀਆਈਏ ਸਟਾਫ਼ ਇੰਚਾਰਜ ਇੰਸਪੈਕਟਰ ਸ਼ਮਿੰਦਰ ਸਿੰਘ ਦੀ ਅਗਵਾਈ ਹੇਠ ਭਾਰੀ ਸੁਰੱਖਿਆ ਪ੍ਰਬੰਧ ਹੇਠਾਂ ਅੱਜ ਡੇਰਾ ਪ੍ਰੇਮੀ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਮਨਿੰਦਰ ਸਿੰਘ, ਗੁਰਸੇਵਕ ਸਿੰਘ, ਲਖਵਿੰਦਰ ਲੱਖਾ, ਹਰਪ੍ਰੀਤ ਨਿਹਾਲਾ ਤੇ ਜਸਪ੍ਰੀਤ ਨੂੰ ਸੀਨੀਅਰ ਜੱਜ ਗੁਰਵਿੰਦਰ ਸਿੰਘ ਜੌਹਲ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਅਦਾਲਤ ਵੱਲੋਂ ਪੰਜਾਂ ਮੁਲਜ਼ਮਾਂ ਦੇ ਪੁਲਿਸ ਰਿਮਾਂਡ 'ਚ ਦੋ ਦਿਨ ਦਾ ਵਾਧਾ ਕਰਦਿਆਂ ਮੁੜ ਸੋਮਵਾਰ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ ਹੈ। ਦੂਸਰੇ ਪਾਸੇ ਬਚਾਅ ਪੱਖ ਦੇ ਵਕੀਲ ਬਰਜਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਪੁਲਿਸ ਵੱਲੋਂ ਮਨਿੰਦਰ ਹੋਰਾਂ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਹੈ ਜਿਸ ਲਈ ਉਨ੍ਹਾਂ ਵੱਲੋਂ ਅਦਾਲਤ ਵਿਚ ਪੰਜਾਂ ਜਾਣਿਆਂ ਦਾ ਮੈਡੀਕਲ, ਪਰਿਵਾਰ ਤੇ ਵਕੀਲ ਨਾਲ ਮੁਲਾਕਾਤ ਕਰਵਾਉਣ ਦੀ ਮੰਗ ਕੀਤੀ ਗਈ ਹੈ।
ਅਦਾਲਤ ਵੱਲੋਂ ਉਕਤ ਮੰਗਾਂ ਵਿੱਚੋਂ ਸਾਰੀਆਂ ਮਨ ਲਈਆਂ ਗਈਆਂ ਹਨ ਜਦਕਿ ਮੈਡੀਕਲ ਕਰਵਾਉਣ ਲਈ ਪਰਸੋਂ ਦੁਪਹਿਰ ਦੋ ਵਜੇ ਦਾ ਸਮਾਂ ਦਿੱਤਾ ਗਿਆ ਹੈ।ਅਦਾਲਤ ਪੁੱਜੀ ਹਰਪ੍ਰੀਤ ਨਿਹਾਲਾ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਆਪਣੇ ਲੜਕੇ ਨਾਲ ਅੱਜ ਮੁਲਾਕਾਤ ਕੀਤੀ ਹੈ। ਇਸ ਦੌਰਾਨ ਹਰਪ੍ਰੀਤ ਨੇ ਦੱਸਿਆ ਕਿ ਉਸ ਨੂੰ ਬੁਰੀ ਤਰ੍ਹਾਂ ਟਾਰਚਰ ਕੀਤਾ ਗਿਆ ਹੈ ਕਿ ਉਹ ਆਪਣੀਆਂ ਲੱਤਾਂ 'ਤੇ ਵੀ ਸਹੀ ਤਰ੍ਹਾਂ ਖੜ੍ਹਾ ਨਹੀਂ ਹੋ ਸਕਦਾ।



