ਕਪੂਰਥਲਾ (ਇੰਦਰਜੀਤ ਸਿੰਘ) : ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿੱਧੂ ਦੇ ਹੁਕਮਾਂ 'ਤੇ ਸਿਹਤ ਵਿਭਾਗ ਦੇ ਪ੍ਰਮੁੱਖ ਸਕੱਤਰ ਅਨੁਰਾਗ ਵਰਮਾ ਆਈਏਐੱਸ ਵੱਲੋਂ ਡਾ. ਸਿੰਮੀ ਧਵਨ ਨੂੰ ਮੁਅੱਤਲੀ ਦੇ ਹੁਕਮ ਜਾਰੀ ਕੀਤੇ ਗਏ ਹਨ। ਸਿਵਲ ਹਸਪਤਾਲ ਕਪੂਰਥਲਾ 'ਚ ਤਾਇਨਾਤ ਗਾਇਨੀਕੋਲੋਜਿਸਟ ਡਾ. ਸਿੰਮੀ ਧਵਨ ਖ਼ਿਲਾਫ਼ ਮਰੀਜ਼ਾਂ ਨਾਲ ਮਾੜੇ ਵਤੀਰੇ ਤੇ ਹੋਰ ਦੋਸ਼ਾਂ ਤਹਿਤ ਮੁਅੱਤਲ ਕੀਤਾ ਗਿਆ ਹੈ।ਇਨ੍ਹਾਂ ਹੁਕਮਾਂ ਸਬੰਧੀ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਹੁਕਮਾਂ ਦੀ ਕਾਪੀ ਹਾਲੇ ਨਹੀਂ ਮਿਲੀ ਹੈ।
ਕਾਪੀ ਮਿਲਣ 'ਤੇ ਹੀ ਉਹ ਕੁਝ ਕਹਿ ਸਕਣਗੇ। ਉਥੇ ਹੀ ਦੂਜੇ ਪਾਸੇ ਡਾ. ਸਿੰਮੀ ਧਵਨ ਨੇ ਕਿਹਾ ਕਿ ਉਨ੍ਹਾਂ ਨੂੰ ਮੁਅੱਤਲੀ ਦਾ ਪੱਤਰ ਨਹੀ ਮਿਲਿਆ ਹੈ ਪਰ ਉਨ੍ਹਾਂ ਨੂੰ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਦਾ ਪੱਖ ਲਏ ਬਿਨਾਂ ਹੀ ਵਿਭਾਗ ਨੇ ਉਨ੍ਹਾਂ ਨੂੰ ਮੁਅੱਤਲ ਕੀਤਾ ਹੈ।ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿੱਧੂ ਨੇ ਮੁਅੱਤਲੀ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਡਾ. ਸਿੰਮੀ ਧਵਨ ਖ਼ਿਲਾਫ਼ ਲੰਬੇ ਸਮੇਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਅਤੇ ਸ਼ਿਕਾਇਤਕਰਤਾ ਨੇ ਵੀਡੀਓ ਤਕ ਬਣਾ ਕੇ ਭੇਜੀ ਸੀ, ਜਿਸ ਦੇ ਆਧਾਰ 'ਤੇ ਡਾ. ਸਿੰਮੀ ਧਵਨ ਨੂੰ ਮੁਅੱਤਲ ਕਰਨ ਦੇ ਆਦੇਸ਼ ਜ਼ਾਰੀ ਕੀਤੇ ਗਏ।



