ਡਰੱਗ ਰੈਕੇਟ ਮਾਮਲਾ : ਜੀਤਾ ਮੌੜ ਦੇ ਘਰੋਂ ਮਿਲੀ ਲੱਖਾਂ ਦੀ ਨਕਦੀ ਤੇ 200 ਤੋਂ ਵਧ ਰਜਿਸਟ੍ਰੀਆਂ ਬਰਾਮਦ

by jaskamal

ਨਿਊਜ਼ ਡੈਸਕ : ਇੰਟਰਨੈਸ਼ਨਲ ਡਰੱਗ ਰੈਕੇਟ ਮਾਮਲੇ ’ਚ ਫੜੇ ਗਏ ਸਾਬਕਾ ਏਸੀਪੀ ਬਿਮਲਕਾਂਤ ਦੇ ਸਾਥੀ ਤੇ ਨਸ਼ਾ ਸਮੱਗਲਰ ਰਣਜੀਤ ਸਿੰਘ ਉਰਫ਼ ਜੀਤਾ ਮੌੜ ਦੇ ਕਾਲਾ ਸੰਘਿਆ ਸਥਿਤ ਘਰ 'ਚ ਸਰਚ ਮੁਹਿੰਮ ਚਲਾਈ ਗਈ। ਇਥੇ ਐੱਸਟੀਐੱਫ ਨੂੰ 38.50 ਲੱਖ ਰੁਪਏ ਦੀ ਨਕਦੀ ਸਮੇਤ ਪਲਾਟਾਂ ਦੀਆਂ 200 ਦੇ ਲਗਭਗ ਰਜਿਸਟਰੀਆਂ ਬਰਾਮਦ ਹੋਈਆਂ ਹਨ। ਜਾਣਕਾਰੀ ਦਿੰਦੇ ਹੋਏ ਐੱਸਟੀਐੱਫ ਦੇ ਏਆਈਜੀ ਸਨੇਹਦੀਪ ਸ਼ਰਮਾ ਤੇ ਇੰਚਾਰਜ ਹਰਬੰਸ ਸਿੰਘ ਰਲਹਨ ਨੇ ਦੱਸਿਆ ਕਿ ਉਕਤ ਡਰੱਗ ਕੇਸ 'ਚ ਹੁਣ ਤਕ 3 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਇਸ ਸਰਚ ਮੁਹਿੰਮ ਅਨੁਸਾਰ ਲਗਭਗ 4 ਦਰਜਨ ਬੈਂਕਾਂ ਦੀਆਂ ਪਾਸਬੁੱਕਸ ਵੀ ਬਰਾਮਦ ਕੀਤੀਆਂ ਗਈਆਂ ਹਨ, ਜਿਨ੍ਹਾਂ ਤੋਂ ਜੀਤਾ ਮੌੜ ਦੇ ਵੱਖ-ਵੱਖ ਬੈਂਕ ਖਾਤਿਆਂ ਦਾ ਪਤਾ ਲੱਗਾ ਹੈ। ਪੁਲਸ ਰਿਮਾਂਡ ਦੌਰਾਨ ਹੁਣ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ, ਜੋ ਆਉਣ ਵਾਲੇ ਦਿਨਾਂ ਵਿਚ ਐੱਸ. ਟੀ. ਐੱਫ. ਕਰ ਸਕਦੀ ਹੈ।

ਚਹੇਤੇ ਪੁਲਸ ਅਧਿਕਾਰੀਆਂ ਕਾਰਨ ਏਐੱਸਆਈ ਮੁਨੀਸ਼ ਕੁਮਾਰ ਨੂੰ ਬਿਨਾਂ ਆਰਡਰ ’ਤੇ ਜੀਤਾ ਮੌੜ ਨੇ ਆਪਣੇ ਨਾਲ ਰੱਖਿਆ ਸੀ, ਜਿਸ ਵਿਚ ਏਸੀਪੀ ਰਹੇ ਬਿਮਲਕਾਂਤ ਨੇ ਅਹਿਮ ਭੂਮਿਕਾ ਨਿਭਾਈ ਸੀ। ਉਕਤ ਮਾਮਲੇ ’ਚ ਗ੍ਰਿਫ਼ਤਾਰ ਏਐੱਸਆਈ ਮੁਨੀਸ਼ ਕੁਮਾਰ ਦੀ ਡਿਊਟੀ ਪੀਏਪੀ 7 ਬਟਾਲੀਅਨ 'ਚ ਸੀ ਪਰ ਪਿਛਲੇ ਕਈ ਸਾਲਾਂ ਤੋਂ ਜੀਤਾ ਮੌੜ ਦੇ ਕੁਝ ਚਹੇਤੇ ਪੁਲਸ ਅਧਿਕਾਰੀਆਂ ਕਾਰਨ ਆਪਣੀ ਡਿਊਟੀ ਜੀਤਾ ਮੌੜ ਨਾਲ ਕਰ ਰਿਹਾ ਸੀ। ਖਾਸ ਗੱਲ ਹੈ ਕਿ ਇਸ ਸੰਬੰਧੀ ’ਚ ਕੋਈ ਵੀ ਵਿਭਾਗੀ ਹੁਕਮ ਜਾਰੀ ਨਹੀਂ ਕੀਤੇ ਗਏ ਸਨ।