ਡੇਰਾਬੱਸੀ (NRI Media) : ਡੇਰਾਬੱਸੀ ਹਲਕੇ ਤਹਿਤ ਪੈਂਦੇ ਲਾਲੜੂ ਥਾਣੇ ਦੀ ਪੁਲਿਸ ਨੇ ਲੈਹਲੀ ਚੌਕੀ ਨੇੜੇ ਕੀਤੀ ਨਾਕਾਬੰਦੀ ਦੌਰਾਨ ਇਕ ਹਰਿਆਣਾ ਰੋਡਵੇਜ਼ ਦੀ ਬੱਸ ਦੀ ਤਲਾਸ਼ੀ ਦੌਰਾਨ ਉਸ 'ਚ ਸਵਾਰ ਦੋ ਜਾਣਿਆਂ ਕੋਲੋਂ 6 ਕਿੱਲੋਂ ਅਫੀਮ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਕੀਤੇ ਦੋਸ਼ੀਆਂ ਦੀ ਪਛਾਣ ਮਧੂ ਕੁਮਾਰ ਸਾਹਨੀ ਵਾਸੀ ਪਿੰਡ ਧਨਸੀ ਥਾਣਾ ਸਗੋਲੀ ਜ਼ਿਲ੍ਹਾ ਮੋਤੀਹਾਰ ਬਿਹਾਰ ਅਤੇ ਜੈ ਪ੍ਰਕਾਸ਼ ਸਾਹਨੀ ਵਾਸੀ ਪਿੰਡ ਮਹਾਵਾ ਥਾਣਾ ਸਗੋਲੀ ਜ਼ਿਲ੍ਹਾ ਮੋਤੀਹਾਰ ਬਿਹਾਰ ਦੇ ਤੌਰ 'ਤੇ ਹੋਈ ਹੈ। ਇਹ ਦੋਵੇਂ ਜਣੇ ਤਲਾਸ਼ੀ ਦੌਰਾਨ ਬੱਸ 'ਚੋਂ ਉਤਰ ਕੇ ਭੱਜਣ ਲੱਗੇ ਸਨ।ਮੁਬਾਰਕਪੁਰ ਸਥਿਤ ਡੀਐੱਸਪੀ ਦਫ਼ਤਰ 'ਚ ਕੀਤੀ ਪ੍ਰੈੱਸ ਕਾਨਫਰੰਸ ਦੌਰਾਨ ਮੋਹਾਲੀ ਪੁਲਿਸ ਦੇ ਐੱਸਪੀ (ਜਾਂਚ) ਵਰੁਣ ਸ਼ਰਮਾ ਅਤੇ ਡੀਐੱਸਪੀ ਸਿਮਰਨਜੀਤ ਸਿੰਘ ਲੰਗ ਨੇ ਦੱਸਿਆ ਕਿ ਲਾਲੜੂ ਥਾਣਾ ਮੁਖੀ ਗੁਰਚਰਨ ਸਿੰਘ ਦੀ ਅਗਵਾਈ 'ਚ ਲੈਹਲੀ ਚੌਕੀ ਦੇ ਇੰਚਾਰਜ ਨਰਪਿੰਦਰਪਾਲ ਸਿੰਘ ਦੀ ਟੀਮ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਇਸ ਦੌਰਾਨ ਅੰਬਾਲਾ ਵੱਲੋਂ ਆ ਰਹੀ ਹਰਿਆਣਾ ਰੋਡਵੇਜ਼ ਡਿਪੂ ਦੀ ਇਕ ਬੱਸ ਨੂੰ ਤਲਾਸ਼ੀ ਲਈ ਰੋਕਿਆ ਗਿਆ, ਜਿਸ ਵਿਚ ਸਵਾਰ ਉਕਤ ਵਿਅਕਤੀਆਂ ਕੋਲੋਂ ਤਿੰਨ-ਤਿੰਨ ਕਿੱਲੋ ਅਫ਼ੀਮ ਬਰਾਮਦ ਹੋਈ ਜਿਸ ਦੀ ਮਾਰਕੀਟ ਕੀਮਤ ਲਗਪਗ ਚਾਰ ਲੱਖ ਅੱਸੀ ਹਜ਼ਾਰ ਰੁਪਏ ਬਣਦੀ ਹੈ। ਪੁਲਿਸ ਨੇ ਉਕਤ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਪੁੱਛ-ਗਿੱਛ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਕੋਲੋਂ ਹੋਰ ਵੀ ਅਹਿਮ ਸੁਰਾਗ਼ ਮਿਲਣ ਦੀ ਸੰਭਾਵਨਾ ਹੈ। ਮੋਹਾਲੀ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚੋਣ ਜ਼ਾਬਤੇ ਦੌਰਾਨ ਮੋਹਾਲੀ ਟੀਮ ਵੱਲੋਂ ਨਸ਼ਿਆਂ ਦੀ ਵੱਡੀ ਖੇਪ ਫੜੀ ਜਾ ਚੁੱਕੀ ਹੈ ਜਿਸ ਵਿਚ ਅਫੀਮ, ਚੂਰਾ ਪੋਸਤ, ਸ਼ਰਾਬ ਆਦਿ ਸ਼ਾਮਿਲ ਹਨ।



