ਪੰਜਾਬ ’ਚ ਚੋਣ ਪਾਬੰਦੀਆਂ ਵਧਣ ਦੇ ਆਸਾਰ, ਜਾਣੋ ਕੀ ਹੋ ਸਕਦੈ ਚੋਣ ਕਿਮਸ਼ਨ ਦਾ ਫੈਸਲਾ…

by jaskamal

ਨਿਊਜ਼ ਡੈਸਕ (ਜਸਕਮਲ) : ਪੰਜਾਬ 'ਚ ਕੋਰੋਨਾ ਵਾਇਰਸ ਲਾਗ ਦੇ ਲਗਾਤਾਰ ਵਧ ਰਹੇ ਮਾਮਲਿਆਂ ਕਾਰਨ ਚੋਣ ਕਮਿਸ਼ਨ ਵੱਲੋਂ ਵੱਡੀਆਂ ਸਿਆਸੀ ਰੈਲੀਆਂ ’ਤੇ ਲਾਈਆਂ ਪਾਬੰਦੀਆਂ ਦੀ ਮਿਆਦ ਵਧਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਸਿਆਸੀ ਧਿਰਾਂ ਵੀ ਚੋਣ ਪ੍ਰਚਾਰ ਲਈ ਵੱਡੀਆਂ ਰੈਲੀਆਂ 'ਤੇ ਛੋਟ ਦਾ ਇੰਤਜ਼ਾਰ ਕਰ ਰਹੀਆਂ ਹਨ। ਸ਼੍ਰੋਮਣੀ ਅਕਾਲੀ ਦਲ ਤੇ ‘ਆਪ’ ਵੱਲੋਂ ਤਕਰੀਬਨ ਸਾਰੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ ਜਾ ਚੁੱਕਾ ਹੈ। ਕਾਂਗਰਸ ਤੇ ਸੰਯੁਕਤ ਸਮਾਜ ਪਾਰਟੀ ਨੇ ਵੀ ਵੱਡੀ ਗਿਣਤੀ ਉਮੀਦਵਾਰ ਐਲਾਨ ਦਿੱਤੇ ਹਨ। ਭਾਜਪਾ ਦੀ ਅਗਵਾਈ ਵਾਲਾ ਗੱਠਜੋੜ ਹਾਲੇ ਤਕ ਉਮੀਦਵਾਰਾਂ ਦੇ ਨਾਵਾਂ ਨੂੰ ਅੰਤਿਮ ਰੂਪ ਨਹੀਂ ਦੇ ਸਕਿਆ ਹੈ। ਚੋਣ ਕਮਿਸ਼ਨ ਨੇ 8 ਜਨਵਰੀ ਨੂੰ ਚੋਣਾਂ ਦਾ ਐਲਾਨ ਕਰਦਿਆਂ ਹੀ ਹਫ਼ਤੇ ਭਰ ਲਈ ਵੱਡੀਆਂ ਰੈਲੀਆਂ, ਮਾਰਚਾਂ ਤੇ ਮੀਟਿੰਗਾਂ ’ਤੇ ਪਾਬੰਦੀ ਲਗਾ ਦਿੱਤੀ ਸੀ, ਜਿਸ ਨੇ ਸਿਆਸੀ ਪਾਰਟੀਆਂ ਨੂੰ ਪ੍ਰਚਾਰ ਦੇ ਰੰਗ-ਢੰਗ ਬਦਲਣ ਲਈ ਮਜਬੂਰ ਕਰ ਦਿੱਤਾ ਹੈ।

ਕਮਿਸ਼ਨ ਵੱਲੋਂ ਇਹ ਪਾਬੰਦੀਆਂ 15 ਜਨਵਰੀ ਤੱਕ ਲਾਈਆਂ ਗਈਆਂ ਸਨ ਜਿਨ੍ਹਾਂ ਨੂੰ 22 ਜਨਵਰੀ ਤੱਕ ਵਧਾ ਦਿੱਤਾ ਗਿਆ ਸੀ। ਕਮਿਸ਼ਨ ਹੁਣ 22 ਜਨਵਰੀ ਨੂੰ ਪਾਬੰਦੀਆਂ ਦੀ ਸਮੀਖਿਆ ਕਰੇਗਾ। ਚੋਣ ਕਮਿਸ਼ਨ ਦੇ ਸਬੰਧਿਤ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ 'ਚ ਜਿਸ ਤਰ੍ਹਾਂ ਕੋਰੋਨਾ ਦੀ ਲਾਗ ਦੇ ਮਾਮਲੇ ਰੋਜ਼ਾਨਾ ਵਧ ਰਹੇ ਹਨ, ਉਸ ਨੂੰ ਦੇਖਦਿਆਂ ਹਾਲ ਦੀ ਘੜੀ ਇਹੀ ਮੰਨਿਆ ਜਾ ਰਿਹਾ ਹੈ ਕਿ ਪਾਬੰਦੀਆਂ ਦੀ ਮਿਆਦ ਕੁੱਝ ਹੋਰ ਦਿਨਾਂ ਲਈ ਵਧ ਵੀ ਸਕਦੀ ਹੈ।