60 ਦਿਨਾਂ ਦਾ ਮਹਿਮਾਨ ਐ ਕੋਰੋਨਾ ! ਮਾਹਰਾਂ ਦਾ ਦਾਅਵਾ; ਓਮੀਕਰੋਨ ਤੋਂ ਬਾਅਦ ਖਤਮ ਹੋ ਜਾਵੇਗੀ ਕੋਰੋਨਾ ਦੀ ਲਾਗ

by jaskamal

ਨਿਊਜ਼ ਡੈਸਕ (ਜਸਕਮਲ) : 2019 ਤੋਂ ਕਰੋਨਾ ਨੇ ਦੁਨੀਆ ਨੂੰ ਆਪਣੀ ਲਪੇਟ 'ਚ ਲਿਆ ਹੋਇਆ ਹੈ। ਇਸ ਮਹਾਮਾਰੀ ਕਾਰਨ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ। ਇਸ ਦੌਰਾਨ ਹੁਣ ਕਈ ਦਿਨਾਂ ਬਾਅਦ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਕਾਰਨ ਲੋਕਾਂ ਨੂੰ ਆਸ ਬੱਝ ਗਈ ਹੈ ਕਿ ਹੁਣ ਸ਼ਾਇਦ ਉਨ੍ਹਾਂ ਨੂੰ ਸੁੱਖ ਦਾ ਸਾਹ ਆਵੇਗਾ। ਡੈਨਮਾਰਕ ਦੇ ਮਹਾਮਾਰੀ ਵਿਗਿਆਨੀ ਟਾਇਰਾ ਨੇ ਦਾਅਵਾ ਕੀਤਾ ਹੈ ਕਿ ਓਮੀਕਰੋਨ ਤੋਂ ਬਾਅਦ ਕੋਰੋਨਾ ਖ਼ਤਮ ਹੋ ਜਾਵੇਗਾ। ਇਹ ਇਸ ਮਹਾਮਾਰੀ ਦਾ ਆਖਰੀ ਰੂਪ ਹੈ।

ਟਾਇਰਾ ਦੇ ਅਨੁਸਾਰ, ਇਕ ਵਾਰ ਜੇਕਰ ਓਮੀਕਰੋਨ ਖਤਮ ਹੁੰਦਾ ਹੈ ਤਾਂ, ਕੋਰੋਨਾ ਵੀ ਖਤਮ ਹੋ ਜਾਵੇਗਾ। ਟਾਇਰਾ ਡੈਨਿਸ਼ ਸਟੇਟ ਸੀਰਮ ਇੰਸਟੀਚਿਊਟ ਦੀ ਮੁੱਖ ਮਹਾਮਾਰੀ ਵਿਗਿਆਨੀ ਹੈ। ਉਨ੍ਹਾਂ ਨੇ ਅਧਿਐਨ ਤੋਂ ਬਾਅਦ ਦਾਅਵਾ ਕੀਤਾ ਹੈ ਕਿ ਜਨਵਰੀ ਦੇ ਅੰਤ 'ਚ ਓਮੀਕਰੋਨ ਆਪਣੇ ਸਿਖਰ 'ਤੇ ਹੋਵੇਗਾ। ਇਸ ਤੋਂ ਬਾਅਦ ਹੌਲੀ-ਹੌਲੀ ਇਸ ਦੇ ਕੇਸ ਘੱਟਣੇ ਸ਼ੁਰੂ ਹੋ ਜਾਣਗੇ।

ਇਕ ਨਿੱਜੀ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਟਾਇਰਾ ਨੇ ਦੱਸਿਆ ਕਿ ਓਮੀਕਰੋਨ ਦੇ ਲੱਛਣ ਕਾਫੀ ਹਲਕੇ ਹਨ ਪਰ ਇਹ ਬਹੁਤ ਤੇਜ਼ੀ ਨਾਲ ਫੈਲਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਜਨਵਰੀ ਦੇ ਅੰਤ 'ਚ, Omicron ਸਿਖਰ 'ਤੇ ਹੋਵੇਗਾ। ਫਰਵਰੀ ਤੋਂ ਇਸ ਦੇ ਕੇਸ ਘੱਟ ਹੋਣੇ ਸ਼ੁਰੂ ਹੋ ਜਾਣਗੇ ਤੇ ਹੌਲੀ-ਹੌਲੀ ਦਬਾਅ ਵੀ ਖਤਮ ਹੋਣਾ ਸ਼ੁਰੂ ਹੋ ਜਾਵੇਗਾ। ਯਾਨੀ 60 ਦਿਨਾਂ ਬਾਅਦ ਦੁਨੀਆ ਨੂੰ ਕੋਰੋਨਾ ਤੋਂ ਛੁਟਕਾਰਾ ਮਿਲਣ ਦੀ ਪੂਰੀ ਉਮੀਦ ਹੈ।

ਦੱਸ ਦੇਈਏ ਕਿ ਓਮੀਕਰੋਨ ਨੇ ਡੈਨਮਾਰਕ ਵਿੱਚ ਬਹੁਤ ਤਬਾਹੀ ਮਚਾਈ ਹੈ। ਪਿਛਲੇ ਸੱਤ ਦਿਨਾਂ ਵਿੱਚ ਇੱਥੇ 11 ਲੱਖ 89 ਹਜ਼ਾਰ 9 ਸੌ 85 ਲੋਕ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਯੂ.ਕੇ. ਵਿੱਚ ਵੀ ਓਮਿਕਰੋਨ ਉਸੇ ਰਫ਼ਤਾਰ ਨਾਲ ਫੈਲ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਅਤੇ ਭਾਰਤ 'ਚ ਵੀ ਓਮੀਕਰੋਨ ਦੀ ਰਫਤਾਰ ਵਧ ਰਹੀ ਹੈ। ਹਾਲਾਤ ਦੇ ਮੱਦੇਨਜ਼ਰ ਲਾਕਡਾਊਨ ਲਗਾਇਆ ਜਾ ਰਿਹਾ ਹੈ। ਇਸ ਦੇ ਨਾਲ ਹੀ ਡੈਨਮਾਰਕ ਦੇ ਇਕ ਹੋਰ ਮਾਹਿਰ ਪ੍ਰੋਫੈਸਰ ਲਾਰਸ ਓਸਟਰਗਾਰਡ ਨੇ ਕਿਹਾ ਕਿ ਕੋਰੋਨਾ ਕਦੇ ਖਤਮ ਨਹੀਂ ਹੋਵੇਗਾ। ਅਸੀਂ ਇਸ ਨਾਲ ਜੀਣਾ ਸਿੱਖ ਲਵਾਂਗੇ।