ਬਿਹਾਰ ‘ਚ ਗੈਸ ਸਿਲੰਡਰ ਨਾਲ ਧਮਾਕਾ; ਦੋ ਬੱਚਿਆਂ ਦੀ ਮੌਤ, ਕਈ ਜ਼ਖ਼ਮੀ

by jaskamal

ਨਿਊਜ਼ ਡੈਸਕ : ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੇ ਨਾਰਾਇਣਪੁਰ ਪਿੰਡ 'ਚ ਵੀਰਵਾਰ ਸਵੇਰੇ ਗੈਸ ਸਿਲੰਡਰ 'ਚ ਧਮਾਕਾ ਹੋਣ ਨਾਲ ਦੋ ਬੱਚਿਆਂ ਦੀ ਮੌਤ ਹੋ ਗਈ ਤੇ ਦੋ ਹੋਰ ਜ਼ਖ਼ਮੀ ਹੋ ਗਏ। ਇਸ ਘਟਨਾ 'ਚ 10 ਘਰ ਵੀ ਸੜ ਗਏ। ਗੰਭੀਰ ਤੌਰ 'ਤੇ ਜ਼ਖ਼ਮੀ ਦੋ ਲੋਕਾਂ ਦਾ ਇਲਾਜ ਸਥਾਨਕ ਪ੍ਰਰਾਇਮਰੀ ਸਿਹਤ ਕੇਂਦਰ 'ਚ ਚੱਲ ਰਿਹਾ ਹੈ। ਦੱਸਿਆ ਗਿਆ ਕਿ ਰਾਧੇਸ਼ਿਆਮ ਰਾਮ ਦੇ ਘਰ 'ਚ ਗੈਸ ਚੁੱਲ੍ਹੇ 'ਤੇ ਭੋਜਨ ਬਣ ਰਿਹਾ ਸੀ।

ਇਸੇ ਦੌਰਾਨ ਗੈਸ ਲੀਕ ਹੋਣ ਨਾਲ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਤੇਜ਼ ਲਪਟਾਂ ਕਾਰਨ ਗੈਸ ਸਿਲੰਡਰ 'ਚ ਧਮਾਕਾ ਹੋ ਗਿਆ। ਇਸ 'ਚ ਰਾਧੇਸ਼ਿਆਮ ਰਾਮ ਦੀਆਂ ਦੋ ਧੀਆਂ ਮੌਸਮ ਕੁਮਾਰੀ ਤੇ ਮੇਹਰ ਕੁਮਾਰੀ ਚੌਹਾਨ ਜਿਨ੍ਹਾਂ ਦੀ ਉਮਰ 10 ਸਾਲ ਤੇ 8 ਸਾਲ ਹੈ, ਦੀ ਮੌਤ ਹੋ ਗਈ। ਪੁੱਤਰ ਗੁਰੂ ਰਾਮ ਤੇ ਪਤਨੀ ਰੇਣੂ ਦੇਵੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਸੂਚਨਾ 'ਤੇ ਇਲਾਕਾ ਅਫ਼ਸਰ ਕਾਸਿਫ ਨਵਾਜ਼ ਨੇ ਪੀੜਤ ਪਰਿਵਾਰ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ।