ਡੇਰਾਬੱਸੀ : ਡੇਰਾਬੱਸੀ-ਮੁਬਾਰਕਪੁਰ ਰੋਡ ਉੱਤੇ ਸਥਿਤ ਕੈਮੀਕਲ ਫੈਕਟਰੀ ਵਿਚ ਹੋਏ ਧਮਾਕੇ ਤੋਂ ਬਾਅਦ ਪਲਾਂਟ ਵਿਚ ਭਿਆਨਕ ਅੱਗ ਲੱਗ ਗਈ ਅਤੇ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਅਤੇ ਡੇਢ ਦਰਜਨ ਵਿਅਕਤੀ ਜ਼ਖ਼ਮੀ ਹੋ ਗਏ। ਇਕ ਵਿਅਕਤੀ ਲਾਪਤਾ ਦੱਸਿਆ ਜਾ ਰਿਹਾ ਹੈ। ਜ਼ਖ਼ਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ ਹੈ। ਮਰਨ ਵਾਲੇ ਦੀ ਪਛਾਣ ਸੁਖਵਿੰਦਰ ਸਿੰਘ (24) ਪੁੱਤਰ ਪਵਨ ਕੁਮਾਰ ਵਾਸੀ ਬਿਜਨਪੁਰ, ਡੇਰਾਬੱਸੀ ਦੇ ਤੌਰ ਹੋਈ ਹੈ। ਸੁਖਵਿੰਦਰ ਦੇ ਪਰਿਵਾਰ ਵਿਚ ਡੇਢ ਸਾਲ ਦਾ ਪੁੱਤਰ ਅਤੇ ਪਤਨੀ ਹੈ। ਹਾਦਸੇ ਤੋਂ ਬਾਅਦ ਫੈਕਟਰੀ ਵਿਚ ਕੰਮ ਕਰਨ ਵਾਲਾ ਰਵੀ ਕੁਮਾਰ (20) ਪੁੱਤਰ ਮੰਗਾ ਰਾਮ ਵਾਸੀ ਬਿਜਨਪੁਰ ਲਾਪਤਾ ਦੱਸਿਆ ਜਾ ਰਿਹਾ ਹੈ।ਫੈਕਟਰੀ ਵਿਚ ਹੋਏ ਧਮਾਕੇ ਦੀ ਗੂੰਜ 5 ਕਿਲੋਮੀਟਰ ਦੂਰ ਤਕ ਸੁਣੀ ਗਈ ਅਤੇ ਧਮਾਕੇ ਤੋਂ ਬਾਅਦ ਫੈਲੀ ਗੈਸ ਦੀ ਬਦਬੂ ਵੀ ਲੋਕਾਂ ਨੇ ਮਹਿਸੂਸ ਕੀਤੀ। ਪਲਾਂਟ ਤੋਂ ਉੱਠਦਾ ਧੂੰਆਂ 10 ਕਿਲੋਮੀਟਰ ਦੀ ਦੂਰ ਤੋਂ ਵੀ ਵੇਖਿਆ ਜਾ ਸਕਦਾ ਸੀ।
ਧਮਾਕਾ ਏਨਾ ਜ਼ਬਰਦਸਤ ਸੀ ਕਿ ਇਸ ਨਾਲ ਸਫੈਦੇ ਦਾ ਦਰੱਖ਼ਤ ਅਤੇ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ। ਅੱਗ ਬੁਝਾਉਣ ਲਈ ਅੱਧਾ ਦਰਜਨ ਤੋਂ ਜ਼ਿਆਦਾ ਗੱਡੀਆਂ ਪੁੱਜੀਆਂ ਅਤੇ ਕਰੀਬ 2 ਘੰਟੇ ਬਾਅਦ ਅੱਗ ਉੱਤੇ ਕਾਬੂ ਪਾ ਲਿਆ। ਫੈਕਟਰੀ ਪ੍ਰਬੰਧਕਾਂ ਦੇ ਮੁਤਾਬਕ ਬਿਜਲੀ ਦੀਆਂ ਤਾਰਾਂ ਵਿਚ ਸ਼ਾਰਟ ਸਰਕਿਟ ਕਾਰਨ ਹਾਦਸਾ ਵਾਪਰਿਆ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਜਾਣਕਾਰੀ ਮੁਤਾਬਕ ਅੱਗ ਕਰੀਬ 11:30 ਵਜੇ ਪੰਜਾਬ ਕੈਮੀਕਲਜ਼ ਐਂਡ ਕਰੋਪ ਪ੍ਰੋਡਕਸ਼ਨ ਲਿਮਟਡ ਕੰਪਨੀ ਦੇ ਏਸੀਐਫ ਪਲਾਂਟ ਦੀ ਪਹਿਲੀ ਮੰਜ਼ਲ 'ਤੇ ਲੱਗੀ। ਇਸ ਪਲਾਂਟ ਵਿਚ ਅੱਗ ਸੋਲਵੈਂਟ ਨੂੰ ਲੱਗੀ ਜਿਸ ਤੋਂ ਬਾਅਦ ਇਹ ਅੱਗ ਸਟੋਰੇਜ ਟੈਂਕ ਵਿਚ ਪੁੱਜ ਗਈ। ਇਸ ਨਾਲ ਜ਼ੋਰਦਾਰ ਧਮਾਕਾ ਹੋਇਆ।ਡੇਰਾਬੱਸੀ ਦੇ ਫਾਇਰ ਅਫਸਰ ਮਨਜੀਤ ਸਿੰਘ ਨੇ ਦੱਸਿਆ ਕਿ ਡੇਰਾਬਸੀ ਦੀਆਂ ਚਾਰਾਂ ਗੱਡੀਆਂ, ਚੰਡੀਗੜ੍ਹ ਅਤੇ ਮੋਹਾਲੀ ਤੋਂ ਦੋ ਗੱਡੀਆਂ ਅੱਗ ਬੁਝਾਉਣ ਲਈ ਪੁੱਜੀਆਂ।
ਇਕ ਜ਼ਖ਼ਮੀ ਸੁਖਵਿੰਦਰ ਸਿੰਘ ਨੂੰ ਪੰਚਕੂਲਾ ਦੇ ਓਜਸ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਤਕ ਕਰਾਰ ਦੇ ਦਿੱਤਾ ਗਿਆ। ਕੁਝ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਫੈਕਟਰੀ ਪ੍ਰਬੰਧਕ ਅਵਤਾਰ ਸਿੰਘਦਾ ਕਹਿਣਾ ਹੈ ਕਿ ਅੱਗ ਸ਼ਾਰਟ ਸਰਕਿਟ ਨਾਲ ਲੱਗੀ। ਉਨ੍ਹਾਂ ਅਨੁਸਾਰ ਕਰੀਬ ਇਕ ਦਰਜਨ ਵਿਅਕਤੀ ਜ਼ਖ਼ਮੀ ਹੋਏ ਹਨ ਜਦੋਂ ਕਿ ਅੱਗ ਨਾਲ ਹੋਏ ਨੁਕਸਾਨ ਦਾ ਅੰਦਾਜ਼ਾ ਬਾਅਦ 'ਚ ਲੱਗੇਗਾ। ਘਟਨਾ ਦੀ ਖ਼ਬਰ ਸੁਣਕੇ ਡੇਰਾਬੱਸੀ ਦੇ ਤਹਿਸੀਲਦਾਰ ਨਵਪ੍ਰਰੀਤ ਸਿੰਘ, ਨਾਇਬ ਤਹਿਸੀਲਦਾਰ ਪਰਮਜੀਤ ਸਿੰਘ ਜ਼ੀਰਕਪੁਰ, ਡੀਐੱਸਪੀ ਗੁਰਬਖਸ਼ ਸਿੰਘ ਡੇਰਾਬੱਸੀ, ਐੱਸਐੱਚਓ ਸਤਵਿੰਦਰ ਸਿੰਘ, ਚੌਕੀ ਇੰਚਾਰਜ ਕੁਲਵੰਤ ਸਿੰਘ ਤੇ ਫਾਇਰ ਅਫਸਰ ਮਨਜੀਤ ਸਿੰਘ ਆਦਿ ਮੌਕੇ 'ਤੇ ਪੁੱਜੇ। ਧਮਾਕੇ ਤੋਂ ਬਾਅਦ ਕਰੀਬ ਇਕ ਕੁਇੰਟਲ ਵਜ਼ਨੀ ਟੁਕੜਾ ਪਲਾਂਟ ਤੋਂ ਕਰੀਬ 300 ਮੀਟਰ ਦੂਰ ਡੇਰਾਬੱਸੀ ਮੁਬਾਰਕਪੁਰ ਰੋਡ ਦੇ ਕੰਢੇ ਡਿੱਗਣ ਨਾਲ ਸਫੈਦੇ ਦੇ ਦਰੱਖ਼ਤ ਅਤੇ ਬਿਜਲੀ ਦੀਆਂ ਤਾਰਾਂ ਦਾ ਵੀ ਨੁਕਸਾਨ ਕੀਤਾ।



