ਫੂਡ ਵਿੰਗ ਨੇ ਅਚਨਚੇਤ ਚੈਕਿੰਗ ਦੌਰਾਨ ਵੱਖ-ਵੱਖ ਵਸਤਾਂ ਦੇ 11 ਸੈਂਪਲ ਭਰੇ

by

ਕਪੂਰਥਲਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸ਼ੁੱਧ ਅਤੇ ਮਿਲਾਵਟ ਰਹਿਤ ਭੋਜਨ ਪਦਾਰਥ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ 'ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਪੰਜਾਬ' ਸ. ਕਾਹਨ ਸਿੰਘ ਪੰਨੂੰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਇੰਜ: ਡੀ. ਪੀ. ਐਸ ਖਰਬੰਦਾ ਤੇ ਸਿਵਲ ਸਰਜਨ ਕਪੂਰਥਲਾ ਦੀਆਂ ਹਦਾਇਤਾਂ 'ਤੇ ਜ਼ਿਲੇ ਵਿਚ ਖਾਣ-ਪੀਣ ਦੀਆਂ ਵਸਤਾਂ ਦੀ ਲਗਾਤਾਰ ਚੈਕਿੰਗ ਕੀਤੀ ਜਾ ਰਹੀ ਹੈ।  ਇਸੇ ਤਹਿਤ ਸਹਾਇਕ ਕਮਿਸ਼ਨਰ ਫੂਡ ਡਾ. ਹਰਜੋਤ ਪਾਲ ਸਿੰਘ ਅਤੇ ਫੂਡ ਸੇਫਟੀ ਅਫ਼ਸਰ ਸ. ਸਤਨਾਮ ਸਿੰਘ 'ਤੇ ਆਧਾਰਿਤ ਫੂਡ ਐਡਮਿਨਸਟ੍ਰੇਸ਼ਨ ਕਪੂਰਥਲਾ ਦੀ ਟੀਮ ਵੱਲੋਂ ਅੱਜ ਢਿਲਵਾਂ ਅਤੇ ਲਾਗਲੇ ਇਲਾਕਿਆਂ ਵਿਚ ਦੁੱਧ ਅਤੇ ਹੋਰ ਭੋਜਨ ਪਦਾਰਥ ਲਿਜਾ ਰਹੇ ਵਾਹਨਾਂ ਅਤੇ ਦੁਕਾਨਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ ਅਤੇ ਸੈਂਪਲ ਭਰੇ ਗਏ।

ਸਮੁੱਚੀ ਚੈਕਿੰਗ ਦੌਰਾਨ ਟੀਮ ਵੱਲੋਂ ਕੁੱਲ 11 ਸੈਂਪਲ ਭਰੇ ਗਏ, ਜਿਨਾਂ ਵਿਚ ਦੁੱਧ, ਮਿਲਕ ਕ੍ਰੀਮ, ਮੱਖਣ, ਵਨਸਪਤੀ, ਪੈਟੀਜ਼, ਫਰੈਂਚ ਫਰਾਈਜ਼, ਖੰਡ, ਆਰਟੀਫੀਸ਼ਲ ਸਵੀਟਨਰ, ਮਾਊਥ ਫਰੈਸ਼ਨਰ ਅਤੇ ਚਾਵਲ ਸ਼ਾਮਿਲ ਸਨ। ਡਾ. ਹਰਜੋਤ ਪਾਲ ਸਿੰਘ ਨੇ ਦੱਸਿਆ ਕਿ ਅੱਜ ਲਏ ਗਏ ਸੈਂਪਲ ਜਾਂਚ ਲਈ ਸਟੇਟ ਫੂਡ ਲੈਬਾਰਟਰੀ, ਖਰੜ ਭੇਜੇ ਜਾ ਰਹੇ ਹਨ।  ਉਨਾਂ ਕਿਹਾ ਕਿ ਸੈਂਪਲ ਫੇਲ ਹੋਣ ਦੀ ਸੂਰਤ ਵਿਚ ਦੋਸ਼ੀਆਂ ਖਿਲਾਫ਼ ਫੂਡ ਸੇਫਟੀ ਐਕਟ ਤਹਿਤ ਕਾਰਵਾਈ ਕੀਤੀ ਜਾਵੇਗੀ। ਉਨਾਂ ਖਾਣ-ਪੀਣ ਦੀਆਂ ਵਸਤਾਂ ਨਾਲ ਜੁੜੇ ਕਾਰੋਬਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਰਸਾਤ ਦੇ ਮੌਸਮ ਨੂੰ ਧਿਆਨ ਵਿਚ ਰੱਖਦਿਆਂ ਭੋਜਨ ਪਦਾਰਥਾਂ ਨੂੰ ਸਾਫ਼ ਅਤੇ ਸੁੱਕੀ ਹਾਲਤ ਵਿਚ ਰੱਖਣਾ ਯਕੀਨੀ ਬਣਾਉਣ।

ਉਨਾਂ ਇਹ ਵੀ ਕਿਹਾ ਕਿ ਦੁੱਧ ਅਤੇ ਦੁੱਧ ਪਦਾਰਥਾਂ ਨੂੰ 4 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ 'ਤੇ ਸਟੋਰ ਕਰਨ। ਇਸੇ ਤਰਾਂ ਰੈਸਟੋਰੈਂਟਾਂ, ਦੁਕਾਨਾਂ ਅਤੇ ਉਥੇ ਕੰਮ ਕਰਦੇ ਵਰਕਰਾਂ ਦੀ ਸਾਫ਼-ਸਫ਼ਾਈ ਯਕੀਨੀ ਬਣਾਉਣ ਦੀ ਵੀ ਹਦਾਇਤ ਕੀਤੀ ਗਈ। ਉਨਾਂ ਕਿਹਾ ਕਿ ਲੋਕਾਂ ਨੂੰ ਸ਼ੁੱਧ ਅਤੇ ਉੱਚ ਕੁਆਲਿਟੀ ਦੇ ਭੋਜਨ ਪਦਾਰਥ ਮੁਹੱਈਆ ਕਰਵਾਉਣੇ ਯਕੀਨੀ ਬਣਾਉਣ ਲਈ ਇਹ ਚੈਕਿੰਗ ਮੁਹਿੰਮ ਲਗਾਤਾਰ ਜਾਰੀ ਰੱਖੀ ਜਾਵੇਗੀ।