ਪੱਤਰ ਪ੍ਰੇਰਕ : ਕਾਂਗਰਸ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਫਿਰੋਜ਼ਪੁਰ ਪੁਲਿਸ ਨੇ ਸਵੇਰੇ 5 ਵਜੇ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਉਸ ਨੂੰ ਸਵੇਰੇ ਉਸ ਵੇਲੇ ਘਰੋਂ ਚੁੱਕ ਲਿਆ ਜਦੋਂ ਉਹ ਸੁੱਤਾ ਪਿਆ ਸੀ। ਉਸ ਖ਼ਿਲਾਫ਼ ਬੀਡੀਪੀਓ ਦਫ਼ਤਰ ਵਿੱਚ ਧਰਨਾ ਦੇਣ ਅਤੇ ਸਰਕਾਰੀ ਕੰਮ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਹੇਠ ਐੱਫਆਈਆਰ ਦਰਜ ਕੀਤੀ ਗਈ ਹੈ। ਜ਼ੀਰਾ ਖੁਦ ਅੱਜ ਰਾਤ ਗ੍ਰਿਫਤਾਰੀ ਦਾ ਐਲਾਨ ਕਰਨ ਜਾ ਰਹੇ ਸਨ।
ਦੱਸਣਯੋਗ ਹੈ ਕਿ ਜ਼ੀਰਾ ਨੇ ਸਰਪੰਚਾਂ ਦੀਆਂ ਮੰਗਾਂ ਨੂੰ ਲੈ ਕੇ ਬੀਡੀਪੀਓ ਜ਼ੀਰਾ ਦਫ਼ਤਰ ਅੱਗੇ ਧਰਨਾ ਦਿੱਤਾ ਸੀ। ਸਥਾਨਕ ਬੀਡੀਪੀਓ ਨੇ ਇਲਜ਼ਾਮ ਲਾਇਆ ਕਿ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਸਾਥੀਆਂ ਸਮੇਤ ਉਨ੍ਹਾਂ ਦੇ ਦਫ਼ਤਰ ਵਿੱਚ ਦਾਖ਼ਲ ਹੋ ਕੇ ਸਾਰੇ ਕਮਰਿਆਂ ’ਤੇ ਕਬਜ਼ਾ ਕਰ ਲਿਆ ਅਤੇ ਉੱਥੇ ਪਏ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕੀਤੀ। ਪੁਲਿਸ ਨੇ ਕੁਲਬੀਰ ਸਿੰਘ ਜ਼ੀਰਾ ਸਮੇਤ 80 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਸੀ।

