ਹੁਸ਼ਿਆਰਪੁਰ : ਮੁਹੱਲਾ ਗੋਬਿੰਦ ਨਗਰ 'ਚ ਉਸ ਸਮੇਂ ਭਾਜੜਾਂ ਪੈ ਗਈਆਂ ਜਦੋਂ ਕੱਪੜੇ ਸੁਕਣੇ ਪਾਉਣ ਲਈ ਛੱਤ 'ਤੇ ਗਈ ਇਕ ਲੜਕੀ ਦੀ ਛੱਤ ਤੋਂ ਲੰਘ ਰਹੀਆਂ 11 ਕੇਵੀ ਵੋਲਟੇਜ ਦੀਆਂ ਤਾਰਾਂ ਦੀ ਲਪੇਟ 'ਚ ਆਉਣ ਕਾਰਨ ਮੌਤ ਹੋ ਗਈ। ਕਰੰਟ ਲੱਗਣ ਨਾਲ ਕੁੜੀ ਦਾ ਸਾਰਾ ਸਰੀਰ ਕਾਲਾ ਪੈ ਗਿਆ ਸੀ। ਮਿ੍ਤਕ ਦੀ ਪਛਾਣ ਰੀਟਾ ਪੁੱਤਰੀ ਸ਼ਿਵ ਮੋਹਨ ਵਾਸੀ ਰਵਿਦਾਸ ਨਗਰ ਦੇ ਰੂਪ 'ਚ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਤੇ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਰੀਟਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰੀਟਾ ਦਸਵੀਂ ਜਮਾਤ ਦੀ ਵਿਦਿਆਰਥਣ ਸੀ। ਰੀਟਾ ਐਤਵਾਰ ਦੇ ਐਤਵਾਰ ਘਰਾਂ 'ਚ ਕੰਮ ਕਰਦੀ ਸੀ।ਘਟਨਾ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਰੀਟਾ ਅਵਨੀਤ ਕੌਰ ਪਤਨੀ ਗੁਰਮੀਤ ਸਿੰਘ ਵਾਸੀ ਮੁਹੱਲਾ ਗੋਬਿੰਦ ਨਗਰ ਦੇ ਘਰ 'ਚ ਕੰਮ ਕਰਦੀ ਸੀ। ਅਵਨੀਤ ਕੌਰ ਤੇ ਗਰਮੀਤ ਦੀ ਫਗਵਾੜਾ ਰੋੜ 'ਤੇ ਕੱਪੜੇ ਦੀ ਦੁਕਾਨ ਹੈ ਜੋਂ ਸਵੇਰੇ ਹੀ ਘਰੋਂ ਚਲੇ ਜਾਂਦੇ ਹਨ ਤੇ ਰੀਟਾ ਮਗਰੋ ਆ ਕੇ ਘਰ ਦਾ ਸਾਰਾ ਕੰਮ ਕਰਕੇ ਚੱਲ ਜਾਂਦੀ ਸੀ।
ਐਤਵਾਰ ਰੀਟਾ ਦੀ ਸਹੇਲੀ ਦਾ ਜਨਮ ਦਿਨ ਸੀ ਜਿਸ ਕਰਕੇ ਉਹ ਸਵੇਰੇ ਜਲਦੀ ਕੰਮ 'ਤੇ ਆ ਗਈ ਸੀ। ਜਦੋਂ ਦੁਪਹਿਰ ਤਕ ਉਹ ਵਾਪਸ ਘਰ ਨਾ ਆਈ ਤਾਂ ਰੀਟਾ ਦੇ ਪਿਤਾ ਨੇ ਅਵਨੀਤ ਨੂੰ ਫੋਨ ਕਰਕੇ ਪੁੱਿਛਆ ਕਿ ਰੀਟਾ ਘਰ ਨਹੀਂ ਆਈ। ਜਦੋਂ 3 ਵਜੇ ਦੇ ਕਰੀਬ ਅਵਨੀਤ ਨੇ ਘਰ ਆ ਕੇ ਉਸ ਦੀ ਲਾਸ਼ ਛੱਤ 'ਤੇ ਦੇਖੀ ਤਾਂ ਉਸ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਿਸ ਦੀ ਅਵਾਜ਼ ਸੁਣ ਕੇ ਮੁਹੱਲੇ ਦੇ ਲੋਕ ਇਕੱਠੇ ਹੋ ਗਏ। ਇਕੱਠੇ ਹੋਏ ਮੁਹੱਲਾ ਵਾਸੀਆਂ ਇਸ ਦੀ ਸੂਚਨਾ ਪੁਲਿਸ ਤੇ ਰੀਟਾ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ। ਸੂਚਨਾ ਮਿਲਦੇ ਹੀ ਥਾਣਾ ਸਿਟੀ ਦੇ ਐੱਸਐੱਚਓ ਪੁਲਿਸ ਪਾਰਟੀ ਮੌਕੇ 'ਤੇ ਪਹੁੰਚ ਗਏ। ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਟਮ ਲਈ ਸਿਵਲ ਹਸਪਤਾਲ ਵਿਖੇ ਰਖਵਾ ਦਿੱਤਾ ਹੈ।ਇਸ ਮੌਕੇ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਐੱਸਐੱਚਓ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਦਾ ਪਿਤਾ ਰਿਕਸ਼ਾ ਚਲਾਉਂਦਾ ਹੈ ਤੇ ਉਸ ਦੀ ਬੇਟੇ ਰੀਟਾ ਜੋ ਐਤਵਾਰ ਛੁੱਟੀ ਵਾਲੇ ਦਿਨ ਘਰਾਂ 'ਚ ਕੰਮ ਕਰਦੀ ਸੀ।
ਐਤਵਾਰ ਉਹ ਰਵਨੀਤ ਕੌਰ ਪਤਨੀ ਗੁਰਮੀਤ ਸਿੰਘ ਦੇ ਘਰ ਦੀ ਛੱਤ 'ਤੇ ਕਪੜੇ ਸੁੱਕਣੇ ਪਾਉਣ ਲਈ ਗਈ ਸੀ। ਜਦੋਂ ਉਹ ਕੱਪੜੇ ਸੁਕਣੇ ਪਾ ਰਹੀ ਸੀ ਤਾਂ ਅਚਾਨਕ ਛੱਤ ਤੋਂ ਦੀ ਲੰਘਦੀਆਂ ਬਿਜਲੀ ਦੀਆਂ ਤਾਰਾਂ ਦੀ ਲਪੇਟ 'ਚ ਆ ਗਈ ਜਿਸ ਨਾਲ ਉਸ ਦੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਦੋਵਾਂ ਪਰਿਵਾਰਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਮੁਹੱਲਾ ਵਾਸੀਆਂ ਗੋਪਾਲ ਚੌਹਾਨ, ਕਿਸ਼ੋਰੀ ਲਾਲ, ਮਨਵਿੰਦਰ ਜੱਸਲ, ਨਰੇਸ਼ ਬੱਬਰ, ਮਮਤਾ ਆਦਿ ਨੇ ਦੱਸਿਆ ਕਿ ਘਰ ਤੋਂ ਦੀ ਲੰਘ ਰਹੀਆਂ 11 ਕੇਵੀ ਬਿਜਲੀ ਦੀਆਂ ਤਾਰਾਂ ਨਾਲ ਪਹਿਲਾ ਵੀ ਕਈ ਵਾਰ ਹਾਦਸੇ ਵਾਪਰ ਚੁੱਕੇ ਹਨ। ਇਸ ਸਬੰਧੀ ਬਿਜਲੀ ਵਿਭਾਗ ਨੂੰ ਕਈ ਵਾਰ ਸ਼ਿਕਾਇਤਾਂ ਵੀ ਕੀਤੀ ਹਨ ਪਰ ਕੋਈ ਹੱਲ ਨਹੀਂ ਹੋਈ। ਜਿਸ ਕਰਕੇ ਅੱਜ ਵੀ ਇਕ ਲੜਕੀ ਦੀ ਮੌਤ ਹੋ ਗਈ।



