25 ਫਰਵਰੀ, ਸਿਮਰਨ ਕੌਰ - (NRI MEDIA) :
ਜਲੰਧਰ (ਸਿਮਰਨ ਕੌਰ) : ਥਾਣਾ ਮਕਸੂਦਾਂ ਅਧੀਨ ਆਉਂਦੇ ਇਕ ਪਿੰਡ ਦੀ ਪ੍ਰਵਾਸੀ ਨਾਬਾਲਗ ਲੜਕੀ ਨਾਲ ਪ੍ਰਵਾਸੀ ਲੜਕੇ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮਿਲੀ ਸ਼ਿਕਾਇਤ 'ਚ ਮਾਪਿਆਂ ਨੇ ਦੱਸਿਆ ਕਿ ਪੀੜਤ ਲੜਕੀ ਆਪਣੇ ਮਾਤਾ-ਪਿਤਾ ਨਾਲ ਮਿਹਨਤ ਮਜ਼ਦੂਰੀ ਦਾ ਕੰਮ ਕਰਦੀ ਹੈ ਪਰ ਬੀਤੇ ਦਿਨ ਮਾਤਾ-ਪਿਤਾ ਕਿਸੇ ਕੰਮ ਲਈ ਘਰੋਂ ਬਾਹਰ ਗਏ ਸਨ।
ਲੜਕੀ ਨੇ ਕੰਮ ਤੋਂ ਛੁੱਟੀ ਕੀਤੀ ਹੋਈ ਸੀ ਅਤੇ ਉਹ ਸ਼ਾਮ ਕਰੀਬ 4.30 ਵਜੇ ਘਰ ਦੇ ਬਾਹਰ ਖੜ੍ਹੀ ਸੀ ਅਤੇ ਇੰਨੇ ਨੂੰ ਸੂਰਜ ਨਾਂ ਦਾ ਪ੍ਰਵਾਸੀ ਲੜਕਾ ਆਇਆ, ਜੋ ਲੜਕੀ ਨੂੰ ਆਪਣੀ ਐਕਟਿਵਾ 'ਤੇ ਬੈਠਣ ਲਈ ਕਹਿਣ ਲੱਗਾ। ਲੜਕੀ ਨੇ ਮਨ੍ਹਾ ਕੀਤਾ ਤਾਂ ਸੂਰਜ ਉਸ ਨੂੰ ਅਤੇ ਉਸ ਦੇ ਮਾਤਾ-ਪਿਤਾ ਨੂੰ ਮਾਰਨ ਦੀ ਧਮਕੀ ਦੇਣ ਲੱਗ ਪਿਆ ਅਤੇ ਜ਼ਬਰਦਸਤੀ ਉਸ ਦੀ ਬਾਂਹ ਫੜ ਕੇ ਐਕਟਿਵਾ 'ਤੇ ਬਿਠਾ ਕੇ ਅਗਵਾ ਕਰਕੇ ਨੇੜਲੇ ਪਿੰਡ ਦੀ ਹਵੇਲੀ 'ਚ ਲੈ ਗਿਆ। ਜਿੱਥੋਂ ਦੇਰ ਸ਼ਾਮ ਲੜਕਾ ਸੂਰਜ ਉਸ ਨੂੰ ਕਿਸੇ ਖੂਹ 'ਤੇ ਲੈ ਗਿਆ, ਜਿੱਥੇ ਉਸ ਨੇ ਲੜਕੀ ਨਾਲ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਦੇ ਹੋਏ ਬਲਾਤਕਾਰ ਕੀਤਾ।
ਉਨ੍ਹਾਂ ਨੇ ਕਿਹਾ ਕਿ ਲੜਕੀ ਪੂਰੀ ਰਾਤ ਬੇਹੋਸ਼ੀ ਦੀ ਹਾਲਤ 'ਚ ਰਹੀ। ਕਿਸੇ ਤਰ੍ਹਾਂ ਲੜਕੀ ਦੇ ਮਾਤਾ-ਪਿਤਾ ਨੂੰ ਇਸ ਘਟਨਾ ਦੀ ਸੂਚਨਾ ਮਿਲੀ ਅਤੇ ਉਹ ਮੌਕੇ 'ਤੇ ਆ ਕੇ ਲੜਕੀ ਨੂੰ ਆਪਣੇ ਘਰ ਲੈ ਗਏ। ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ 'ਤੇ ਸੂਰਜ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸੇ ਤਰ੍ਹਾਂ ਪੁਲਸ ਨੇ ਮੁਸਤੈਦੀ ਨਾਲ ਸੂਰਜ ਨੂੰ ਪਿੰਡ ਨੁੱਸੀ ਦੇ ਲਾਗਿਓਂ ਕਾਬੂ ਕਰਕੇ ਅਦਾਲਤ ਪੇਸ਼ ਕਰਕੇ ਜੇਲ ਭੇਜ ਦਿੱਤਾ ਹੈ।



