‘ਜਿੱਤ’ ਦਾ ਸਰਟੀਫਿਕੇਟ ਲੈਣ ਖੁਦ ਨਹੀਂ ਪਹੁੰਚੇ ਹਰਭਜਨ ਸਿੰਘ, ਚੋਣ ਅਫ਼ਸਰ ਨਾਰਾਜ਼

by jaskamal

ਨਿਊਜ਼ ਡੈਸਕ : ਆਮ ਆਦਮੀ ਪਾਰਟੀ ਦੇ ਕੋਟੇ ਤੋਂ ਘਰ ਬੈਠੇ ਰਾਜ ਸਭਾ ਦੇ ਮੈਂਬਰ ਬਣੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ ਸ਼ੁੱਕਰਵਾਰ ਨੂੰ ਆਪਣੀ ਜਿੱਤ ਦਾ ਸਰਟੀਫਿਕੇਟ ਲੈਣ ਨਹੀਂ ਪਹੁੰਚੇ। ਉਨ੍ਹਾਂ ਦੀ ਜਗ੍ਹਾ ‘ਤੇ ਉਨ੍ਹਾਂ ਦੇ ਪ੍ਰਤੀਨਿਧੀ ਗੁਲਜ਼ਾਰ ਚਹਿਲ ਨੂੰ ਇਹ ਸਰਟੀਫਿਕੇਟ ਸੌਂਪਿਆ ਗਿਆ। ਇਸ ਗੱਲ ਤੋਂ ਚੋਣ ਅਫਸਰ ਨਾਖੁਸ਼ ਹਨ। ਉਹ ਇਸ ਸਬੰਧੀ ਭਾਰਤੀ ਚੋਣ ਕਮਿਸ਼ਨ ਨੂੰ ਰਿਪੋਰਟ ਭੇਜ ਰਹੇ ਹਨ। ਹਰਭਜਨ ਸਿੰਘ ਕਿਉਂ ਨਹੀਂ ਆਏ, ਇਸ ਬਾਰੇ ਕੁਝ ਵੀ ਸਪੱਸ਼ਟ ਨਹੀਂ ਹੋ ਸਕਿਆ। ਦੂਜੇ ਪਾਸੇ ਰਾਘਵ ਚੱਢਾ, ਕਾਰੋਬਾਰੀ ਸੰਜੀਵ ਅਰੋੜਾ, ਦਿੱਲੀ IIT ਦੇ ਪ੍ਰੋਫੈਸਰ ਡਾ. ਸੰਦੀਪ ਪਾਠਕ ਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਦੇ ਅਸ਼ੋਕ ਮਿੱਤਲ ਨੇ ਖੁਦ ਸਰਟੀਫਿਕੇਟ ਲਿਆ। ਉਨ੍ਹਾਂ ਦੇ ਨਾਲ ਮੰਤਰੀ ਹਰਪਾਲ ਚੀਮਾ, ਲਾਲਚੰਦ ਕਟਾਰੂਚੱਕ ਵੀ ਮੌਜੂਦ ਰਹੇ।

ਇਹ ਸਰਟੀਫਿਕੇਟ ਚੋਣ ਆਬਜ਼ਰਵਰ ਡਾ. ਕਰੁਣਾ ਰਾਜੂ ਤੇ ਰਿਟਰਨਿੰਗ ਅਫਸਰ ਸੁਰਿੰਦਰ ਪਾਲ ਨੇ ਸੌਂਪੇ। ਦੱਸ ਦੇਈਏ ਕਿ ਹਰਭਜਨ ਸਿੰਘ ਜਲੰਧਰ ਦੇ ਰਹਿਣ ਵਾਲੇ ਹਨ। ਮਾਡਲਿੰਗ ਤੇ ਐਕਟਿੰਗ ਵਿਚ ਸਫਲਤਾ ਨਾ ਮਿਲਣ ਪਿੱਛੋਂ ਉਨ੍ਹਾਂ ਨੇ ਸਿਆਸਤ ਦਾ ਰੁਖ਼ ਕੀਤਾ। ਪਹਿਲਾਂ ਉਨ੍ਹਾਂ ਦੀ ਗੱਲ ਭਾਜਪਾ ਨਾਲ ਹੋਈ ਸੀ। ਇਸ ਪਿੱਛੋਂ ਉਹ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੂੰ ਮਿਲੇ। ਹਾਲਾਂਕਿ ਸਿਆਸੀ ਕਰੀਅਰ ਦੀ ਸੁਰੱਖਿਅਤ ਸ਼ੁਰੂਆਤ ਕਰਦੇ ਹੋਏ ਹਰਭਜਨ ਨੇ ‘ਆਪ’ ਨੂੰ ਚੁਣਿਆ। ਉਨ੍ਹਾਂ ਨੂੰ ‘ਆਪ’ ਨੇ ਰਾਜ ਸਭਾ ਸਾਂਸਦ ਬਣਾਇਆ। 1 ਮਾਰਚ ਨੂੰ ਚੋਣਾਂ ਤੋਂ ਪਹਿਲਾਂ ਹੀ ਰਾਜ ਸਭਾ 'ਚ ‘ਆਪ’ ਦੇ ਪੰਜੇ ਮੈਂਬਰਾਂ ਨੂੰ ਬਿਨਾਂ ਵਿਰੋਧ ਜੇਤੂ ਐਲਾਨ ਦਿੱਤਾ ਗਿਆ।