ਦੁੱਧ ਵਾਲੀ ਟੈਂਕੀ ’ਚ ਡੁਬਕੀ ਲਗਾਉਂਦੇ ਦੀ ਵੀਡੀਓ ’ਤੇ ਹਰਪਾਲ ਚੀਮਾ ਦਾ ਵੱਡਾ ਬਿਆਨ…..

by jaskamal

ਨਿਊਜ਼ ਦੇਖ (ਰਿੰਪੀ ਸ਼ਰਮਾ) : ਪੰਜਾਬ ਦੇ ਵਿੱਤ 'ਤੇ ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਉਸ ਵੀਡੀਓ ਨੂੰ ਫਰਜ਼ੀ ਕਰਾਰ ਦਿੱਤਾ ਹੈ, ਇਕ ਵਿਅਕਤੀ ਦੁੱਧ ਦੀ ਟੈਂਕੀ ਵਿਚ ਡੁਬਕੀ ਲਗਾ ਰਿਹਾ ਸੀ 'ਤੇ ਆਖਿਆ ਜਾ ਰਿਹਾ ਸੀ ਕਿ ਇਹ ਵੀਡੀਓ ਵੇਰਕਾ ਦੀ ਹੈ। ਇਸ ਵੀਡੀਓ ਨੂੰ ਫਰਜ਼ੀ ਕਰਾਰ ਦਿੰਦਿਆਂ ਚੀਮਾ ਨੇ ਕਿਹਾ ਕਿ ਇਹ ਵੀਡੀਓ ਤੁਰਕੀ ਦੀ ਹੈ।

ਚੀਮਾ ਨੇ ਕਿਹਾ ਕਿ ਵੀਡੀਓ ਤੋਂ ਸਾਫ਼ ਜਾਹਰ ਹੁੰਦਾ ਹੈ ਕਿ ਉਕਤ ਸਾਜ਼ਿਸ਼ ਵੇਰਕਾ ਨੂੰ ਬਦਨਾਮ ਕਰਨ ਅਤੇ ਅਕਸ ਨੂੰ ਢਾਹ ਲਗਾਉਣ ਦੇ ਮਾੜੇ ਇਰਾਦੇ ਨਾਲ ਕੀਤੀ ਗਈ ਹੈ। ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਇਸ ਦਾ ਗੰਭੀਰ ਨੋਟਿਸ ਲਿਆ ਹੈ 'ਤੇ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਇਸ ਵੀਡੀਓ ਰਾਹੀਂ ਖ਼ਰੀਦਦਾਰਾਂ 'ਤੇ ਕਿਸਾਨਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ। ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਉਣ ਵਾਲੇ ਮਿਲਕਫੈੱਡ ਦੇ ਮੈਨੇਜਿੰਗ ਡਾਇਰੈਕਟਰ ਕਮਲਦੀਪ ਸਿੰਘ ਸੰਘਾ ਨੇ ਕਿਹਾ ਕਿ ਇਸ ਵੀਡੀਓ ਦਾ ਵੇਰਕਾ ਨਾਲ ਕੋਈ ਸਬੰਧ ਨਹੀਂ ਹੈ । ਵੀਡੀਓ 'ਚ ਨਜ਼ਰ ਆ ਰਿਹਾ ਉਕਤ ਵਿਅਕਤੀ ਤੁਰਕੀ ਦਾ ਰਹਿਣ ਵਾਲਾ ਹੈ ਜਿਸ ਦੀ ਪਛਾਣ ਐਮਰੇ ਸਯਾਰ ਵਜੋਂ ਕੀਤੀ ਗਈ ਹੈ।