ਤੇਜ਼ ਰਫਤਾਰ ਨੇ ਬੁਝਾਏ 2 ਘਰਾਂ ਦੇ ਚਿਰਾਗ, ਡਿਵਾਈਡਰ ਨਾਲ ਟਕਰਾਈ ਕਾਰ

by jaskamal

ਨਿਊਜ਼ ਡੈਸਕ (ਜਸਕਮਲ) : ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਨਜ਼ਦੀਕ ਮੇਰਠ-ਝੱਜਰ ਹਾਈਵੇਅ 'ਤੇ ਦੇਰ ਰਾਤ ਇਕ ਤੇਜ਼ ਰਫਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ। ਇਸ ਕਾਰ 'ਚ 5 ਦੋਸਤ ਸਵਾਰ ਸਨ। ਹਾਦਸੇ 'ਚ ਦੋ ਦੋਸਤਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਤਿੰਨ ਦੋਸਤ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਮ੍ਰਿਤਕ ਦੋਵੇਂ ਦੋਸਤ ਨਵੀਨ ਅਤੇ ਰਵੀ ਬੀਟੈਕ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ ਤੇ ਪਿੰਡ ਤਾਜਪੁਰ ਦੇ ਰਹਿਣ ਵਾਲੇ ਸਨ।

ਜਾਣਕਾਰੀ ਅਨੁਸਾਰ ਨਵੀਨ ਤੇ ਰਵੀ ਆਪਣੇ ਤਿੰਨ ਦੋਸਤਾਂ, ਕਮਲ ਕੰਵਲ ਸਿੰਘ ਨਾਲ ਆਪਣੀ ਸਵਿਫਟ ਕਾਰ 'ਚ ਮੇਰਠ ਝੱਜਰ ਹਾਈਵੇਅ ਤੋਂ ਝੱਜਰ ਤੋਂ ਸੋਨੀਪਤ ਵੱਲ ਆ ਰਹੇ ਸਨ। ਅਚਾਨਕ ਉਨ੍ਹਾਂ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ। ਜਿਸ 'ਚ ਨਵੀਨ ਅਤੇ ਰਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਤਿੰਨ ਹੋਰ ਸਾਥੀ ਗੰਭੀਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਸੈਕਟਰ-27 ਥਾਣਾ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸੋਨੀਪਤ ਦੇ ਜਨਰਲ ਹਸਪਤਾਲ ਭੇਜਿਆ ਤੇ ਦੋ ਜ਼ਖ਼ਮੀਆਂ ਦਾ ਇਲਾਜ ਨਿੱਜੀ ਹਸਪਤਾਲ ਅਤੇ ਇਕ ਜ਼ਖ਼ਮੀ ਦਾ ਜਨਰਲ ਹਸਪਤਾਲ 'ਚ ਚੱਲ ਰਿਹਾ ਹੈ।

ਜਾਂਚ ਅਧਿਕਾਰੀ ਅਜੀਤ ਸਿੰਘ ਨੇ ਦੱਸਿਆ ਕਿ ਬੀਤੀ ਦੇਰ ਰਾਤ ਸੂਚਨਾ ਮਿਲੀ ਕਿ ਮੇਰਠ ਝੱਜਰ ਹਾਈਵੇਅ 'ਤੇ ਪਿੰਡ ਰਥਧਾਣਾ ਨੇੜੇ ਹਾਦਸਾ ਵਾਪਰ ਗਿਆ ਹੈ। ਇਸ ਹਾਦਸੇ 'ਚ ਦੋ ਨੌਜਵਾਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।