ਕਰਤਾਰਪੁਰ ਲਾਂਘਾ ਤੇ ਭਾਰਤ-ਪਾਕਿ ਵਿਚਾਲੇ ਹੋਈ ਬੈਠਕ, ਉਸਾਰੀ ਦਾ ਕੰਮ ਤੇਜ਼ੀ ਨਾਲ ਜਾਰੀ

by

ਗੁਰਦਾਸਪੁਰ (ਵਿਕਰਮ ਸਹਿਜਪਾਲ) : ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਲੈ ਕੇ ਭਾਰਤ ਅਤੇ ਪਾਕਿਸਤਾਨ ਵਫ਼ਦ ਦੀ ਮੰਗਲਵਾਰ ਨੂੰ ਮੀਟਿੰਗ ਹੋਈ। ਡੇਰਾ ਬਾਬਾ ਨਾਨਕ ਵਿਖੇ ਜ਼ੀਰੋ ਲਾਈਨ 'ਤੇ ਹੋਈ ਅਧਿਕਾਰੀਆਂ ਦੀ ਹੋਈ ਇਹ ਮੀਟਿੰਗ ਕਰੀਬ 4 ਘੰਟੇ ਚੱਲੀ। ਇਹ ਮੀਟਿੰਗ ਸਵੇਰੇ 10.30 ਵਜੇ ਤੋਂ ਦੁਪਹਿਰ 2.30 ਵਜੇ ਤੱਕ ਚੱਲੀ। ਇਸ ਮੀਟਿੰਗ ਦੌਰਾਨ ਉਸਾਰੀ ਦੀ ਤਕਨੀਕੀ ਪ੍ਰੋਸੈਸਿੰਗ 'ਤੇ ਚਰਚਾ ਹੋਈ ਤੇ ਖ਼ਬਰ ਹੈ ਕਿ ਉਸਾਰੀ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਜਾਣਕਾਰੀ ਅਨੁਸਾਰ, ਇਸ ਮੀਟਿੰਗ ਤੋਂ ਮੀਡੀਆ ਨੂੰ ਦੂਰ ਰੱਖਿਆ ਗਿਆ ਅਤੇ ਕਿਸੇ ਵੀ ਅਧਿਕਾਰੀ ਨੇ ਮੀਟਿੰਗ ਸੰਬੰਧੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ।

ਉੱਥੇ ਹੀ ਇਸ ਮੀਟਿੰਗ 'ਚ ਦੋਹਾਂ ਦੇਸ਼ਾਂ ਦੇ ਉਹਨਾਂ ਵਿਭਾਗਾਂ ਦੇ ਤਕਨੀਕੀ ਅਧਿਕਾਰੀ ਸ਼ਾਮਿਲ ਸਨ ਜੋ ਕਰਤਾਰਪੁਰ ਕਾਰੀਡੋਰ ਬਣਾਉਣ ਲਈ ਕੰਮ ਕਰ ਰਹੇ ਹਨ। ਭਾਰਤ ਵਲੋਂ ਮੁੱਖ ਤੌਰ 'ਤੇ ਲੈਂਡ ਪੋਰਟ ਅਥਾਰਿਟੀ ਅਤੇ ਨੈਸ਼ਨਲ ਹਾਈਵੇ ਅਥਾਰਿਟੀ, ਬੀਐਸਐਫ਼ ਦੇ ਅਧਿਕਾਰੀ ਸ਼ਾਮਿਲ ਸਨ। ਉੱਥੇ ਹੀ ਭਾਰਤ ਵਲੋਂ ਚੱਲ ਰਹੇ ਕਰਤਾਰਪੁਰ ਕਾਰੀਡੋਰ ਦੀ ਉਸਾਰੀ ਦਾ ਕੰਮ ਪੂਰੀ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਇਨਟੈਗਰੇਟਿਡ ਚੈੱਕ ਪੋਸਟ ਦਾ ਨਿਰਮਾਣ ਲੈਂਡ ਪੋਰਟ ਅਥਾਰਿਟੀ ਵਲੋਂ ਵੀ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਪਹਿਲੇ ਪੜਾਅ 'ਚ 15 ਏਕੜ 'ਚ ਇਹ ਚੈਕ ਪੋਸਟ ਬਣਾਇਆ ਜਾਵੇਗਾ ਅਤੇ ਉਸ ਨੂੰ ਮੁਕੰਮਲ ਕਰਨ ਦਾ ਟੀਚਾ ਨਵੰਬਰ ਤੋਂ ਪਹਿਲਾਂ ਦਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਹ ਮੀਟਿੰਗ 2 ਅਪ੍ਰੈਲ ਨੂੰ ਹੋਣੀ ਸੀ ਪਰ ਭਾਰਤ ਨੇ ਖ਼ਾਲਿਸਤਾਨ ਸਮਰਥਕ ਗੋਪਾਲ ਚਾਵਲਾ ਕਾਰਨ ਇਹ ਮੀਟਿੰਗ ਰੱਦ ਕਰ ਦਿੱਤੀ ਸੀ। ਦੱਸ ਦਈਏ ਕਿ ਕਰਤਾਰਪੁਰ ਲਾਂਘੇ ਦੀ ਉਸਾਰੀ ਨੂੰ ਲੈ ਕੇ ਦੋਹਾਂ ਦੇਸ਼ਾਂ ਵਿੱਚ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ ਪਰ ਭਾਰਤ ਦੇ ਮੁਕਾਬਲੇ ਪਾਕਿਸਤਾਨ ਦੇ ਕੰਮ ਵਿੱਚ ਜ਼ਿਆਦਾ ਤੇਜ਼ੀ ਵੇਖੀ ਜਾ ਸਕਦੀ ਹੈ।