ਪੱਤਰ ਪ੍ਰੇਰਕ : ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ 'ਤੇ ਐਤਵਾਰ ਨੂੰ ਚੀਨ ਦੀ ਮਲਕੀਅਤ ਵਾਲੇ ਨਿਕਲ ਪਲਾਂਟ 'ਚ ਧਮਾਕਾ ਹੋ ਗਿਆ, ਜਿਸ ਵਿੱਚ 13 ਦੇ ਕਰੀਬ ਮਜ਼ਦੂਰਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਪੁਲਿਸ ਅਤੇ ਕੰਪਨੀ ਦੇ ਇਕ ਅਧਿਕਾਰੀ ਨੇ ਮੀਡੀਆ ਨਾਲ ਇਹ ਜਾਣਕਾਰੀ ਸਾਂਝੀ ਕੀਤੀ ਹੈ।ਇੰਡੋਨੇਸ਼ੀਆ ਵਿੱਚ ਨਿਕਲ ਨੂੰ ਗਲਾਉਣ ਵਾਲੇ ਪਲਾਂਟਾਂ ਵਿੱਚ ਹੋਣ ਵਾਲੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਤਾਜ਼ਾ ਘਟਨਾ ਹੈ। ਇਹ ਚੀਨ ਦੇ ਅਭਿਲਾਸ਼ੀ ਅੰਤਰਰਾਸ਼ਟਰੀ ਵਿਕਾਸ ਪ੍ਰੋਗਰਾਮ ਦਾ ਹਿੱਸਾ ਹੈ ਜਿਸਨੂੰ 'ਬੈਲਟ ਐਂਡ ਰੋਡ ਇਨੀਸ਼ੀਏਟਿਵ' ਕਿਹਾ ਜਾਂਦਾ ਹੈ। ਇਲੈਕਟ੍ਰਿਕ ਵਾਹਨਾਂ ਲਈ ਵਿਸ਼ਵ ਪੱਧਰ 'ਤੇ ਬੈਟਰੀਆਂ ਦੇ ਉਤਪਾਦਨ ਵਿੱਚ ਨਿੱਕਲ ਇੱਕ ਮੁੱਖ ਹਿੱਸਾ ਹੈ।
ਕੇਂਦਰੀ ਸੁਲਾਵੇਸੀ ਪੁਲਿਸ ਮੁਖੀ ਆਗੁਸ ਨੁਗਰੋਹੋ ਨੇ ਕਿਹਾ ਕਿ ਭੱਠੀ ਦੀ ਮੁਰੰਮਤ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਇਆ, ਜਿਸ ਵਿੱਚ ਪੰਜ ਚੀਨੀ ਅਤੇ ਅੱਠ ਇੰਡੋਨੇਸ਼ੀਆਈ ਮਜ਼ਦੂਰ ਮਾਰੇ ਗਏ। ਉਨ੍ਹਾਂ ਦੱਸਿਆ ਕਿ ਕਰੀਬ 38 ਮਜ਼ਦੂਰਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ 'ਚੋਂ ਕੁਝ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਨੁਗਰੋਹੋ ਨੇ ਕਿਹਾ ਕਿ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਕੰਪਨੀ ਦੀ ਲਾਪਰਵਾਹੀ ਕਾਰਨ ਮੌਤਾਂ ਹੋਈਆਂ ਹਨ ਜਾਂ ਕੋਈ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਵਾਪਰਿਆ ਹੈ। ਕੰਪਨੀ ਦੇ ਬੁਲਾਰੇ ਡੇਡੀ ਕੁਰਨੀਆਵਾਨ ਨੇ ਕਿਹਾ, "ਅਸੀਂ ਇਸ ਘਟਨਾ ਲਈ ਦਿਲੋਂ ਮੁਆਫੀ ਮੰਗਦੇ ਹਾਂ ਅਤੇ ਅਸੀਂ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ।"



