26 ਜਨਵਰੀ ਤੋਂ ਪਹਿਲਾਂ ਬੰਦ ਹੋ ਸਕਦਾ ਹੈ ਇੰਟਰਨੈੱਟ : ਕਿਰਤੀ ਕਿਸਾਨ ਯੂਨੀਅਨ

by vikramsehajpal

ਚੰਡੀਗੜ੍ਹ (ਦੇਵ ਇੰਦਰਜੀਤ) - ਕਿਰਤੀ ਕਿਸਾਨ ਯੂਨੀਅਨ ਯੂਥ ਵਿੰਗ, ਨੌਜਵਾਨ ਭਾਰਤ ਸਭਾ ਤੇ ਪੰਜਾਬ ਸਟੂਡੈਂਟਸ ਯੂਨੀਅਨ ਨੇ 26 ਜਨਵਰੀ ਨੂੰ ਦਿੱਲੀ ’ਚ ਹੋ ਰਹੀ ਕਿਸਾਨ ਪਰੇਡ ਨੂੰ ਸਫ਼ਲ ਬਣਾਉਣ ਲਈ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਅੱਜ ਤੋਂ ਨੌਜਵਾਨਾਂ ਦੀ ਭਰਤੀ ਸ਼ੁਰੂ ਕੀਤੀ ਹੈ।

ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਕਨਵੀਨਰ ਭੁਪਿੰਦਰ ਸਿੰਘ ਲੌਂਗੋਵਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਤੇ ਨੌਜਵਾਨ ਭਾਰਤ ਸਭਾ ਦੇ ਪ੍ਰਧਾਨ ਰੁਪਿੰਦਰ ਸਿੰਘ ਨੇ ਕਿਹਾ ਕਿ ਮੋਦੀ ਹਕੂਮਤ ਨੂੰ ਭੁਲੇਖਾ ਹੈ ਕਿ ਕਿਸਾਨਾਂ ਨੂੰ ਕਿਸੇ ਢੰਗ ਦੇ ਨਾਲ ਦਬਾ ਲੈਣਗੇ ਪਰ 26 ਜਨਵਰੀ ਨੂੰ ਸਰਕਾਰ ਦਾ ਇਹ ਭੁਲੇਖਾ ਨੌਜਵਾਨ ਦੂਰ ਕਰ ਦੇਣਗੇ। ਹੁਣ ਲੜਾਈ ਸਿਰਫ਼ ਕਾਨੂੰਨਾਂ ਦੀ ਨਹੀਂ ਹੁਣ ਇਨ੍ਹਾਂ ਦੀ ਪੱਗ ਦੀ ਬਣ ਗਈ ਹੈ। ਇਸ ਲਈ ਪੰਜਾਬ ਦੇ ਨੌਜਵਾਨ ਆਪਣੇ ਬਾਪੂਆਂ ਦੀ ਪੱਗ ਦੀ ਰਾਖੀ ਲਈ ਅਤੇ ਇਨ੍ਹਾਂ ਕਾਨੂੰਨਾਂ ਨੂੰ ਵਾਪਸ ਕਰਵਾਉਣ ਲਈ 26 ਜਨਵਰੀ ਨੂੰ ਵੱਡੀ ਗਿਣਤੀ ਵਿੱਚ ਦਿੱਲੀ ਪਹੁੰਚਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਨੌਜਵਾਨਾਂ ਦੀ ਭਰਤੀ ਅੱਜ ਇਕੋ ਸਮੇਂ ਸ਼ੁਰੂ ਕੀਤੀ ਗਈ। ਸੰਗਰੂਰ ਵਿੱਚ ਅੱਜ ਪਿੰਡ ਬਹਾਦਰਪੁਰ ਤੋਂ ਹੀ ਭਰਤੀ ਸ਼ੁਰੂ ਕੀਤੀ ਗਈ ਜਿੱਥੇ 88 ਬੰਦੇ ਹਾਜ਼ਰ ਹੋਏ ਤੇ ਨਿਰਧਾਰਤ ਸ਼ਰਤਾਂ ਤਹਿਤ 61 ਬੰਦਿਆਂ ਦੀ ਭਰਤੀ ਕੀਤੀ ਗਈ। ਪੰਜਾਬ ਵਿੱਚ ਅੱਜ ਸ਼ਾਮ ਤੱਕ ਤਕਰੀਬਨ ਸਾਢੇ ਤਿੰਨ ਹਜ਼ਾਰ ਨੌਜਵਾਨ ਭਰਤੀ ਹੋ ਚੁੱਕਾ ਸੀ। 20 ਜਨਵਰੀ ਤੱਕ ਇਹ ਭਰਤੀ ਇਸੇ ਤਰ੍ਹਾਂ ਜਾਰੀ ਰਹੇਗੀ।

ਉਨ੍ਹਾਂ ਨੌਜਵਾਨਾਂ ਨੂੰ ਸੁਚੇਤ ਕੀਤਾ ਕਿ 26 ਜਨਵਰੀ ਤੋਂ ਪਹਿਲਾਂ ਇੰਟਰਨੈੱਟ ਬੰਦ ਹੋ ਸਕਦਾ ਹੈ। ਇਸ ਲਈ ਉਹ ਜਥੇਬੰਦਕ ਢਾਂਚੇ ਰਾਹੀਂ ਆਗੂਆਂ ਦੇ ਸੰਪਰਕ ਵਿੱਚ ਰਹਿਣ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਉਨ੍ਹਾਂ ਨੂੰ ਰੋਕਣ ਲਈ ਰੁਕਾਵਟਾਂ ਖੜ੍ਹੀਆਂ ਕਰ ਸਕਦੀ ਹੈ ਇਸ ਲਈ ਉਹ ਪਹਿਲਾਂ ਹੀ ਦਿੱਲੀ ਚੱਲ ਪੈਣ ਜਾਂ ਫਿਰ ਵੱਖੋ ਵੱਖਰੇ ਰਸਤਿਓਂ ਦਿੱਲੀ ਪਹੁੰਚਣ।