Zomato ਅਤੇ Swiggy ਖਿਲਾਫ ਜਾਂਚ ਦੇ ਦਿੱਤੇ ਹੁਕਮ, ਜਾਣੋ ਕੀ ਹੈ ਪੂਰਾ ਮਾਮਲਾ

by jaskamal

ਨਿਊਜ਼ ਡੈਸਕ : ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀਸੀਆਈ) ਨੇ ਔਨਲਾਈਨ ਫੂਡ ਡਿਲੀਵਰੀ ਐਪਸ Swiggy ਤੇ Zomato ਦੇ ਖਿਲਾਫ ਮੁਕਾਬਲੇ ਵਿਰੋਧੀ ਵਿਵਹਾਰ ਲਈ ਜਾਂਚ ਦੇ ਹੁਕਮ ਦਿੱਤੇ ਹਨ। ਇਹ ਹੁਕਮ ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ (ਐੱਨਆਰਏਆਈ) ਦੀ ਸ਼ਿਕਾਇਤ ਤੋਂ ਬਾਅਦ ਦਿੱਤਾ ਗਿਆ ਹੈ। ਦੋਵਾਂ ਕੰਪਨੀਆਂ 'ਤੇ ਦੋਸ਼ ਹੈ ਕਿ ਉਹ ਆਪਣੇ ਰੈਸਟੋਰੈਂਟ ਪਾਰਟਨਰ ਨਾਲ ਗਲਤ ਤਰੀਕੇ ਨਾਲ ਕਾਰੋਬਾਰ ਕਰ ਰਹੇ ਹਨ। NRAI ਦੇਸ਼ ਭਰ 'ਚ 50,000 ਤੋਂ ਵੱਧ ਰੈਸਟੋਰੈਂਟ ਆਪਰੇਟਰਾਂ ਦੀ ਨੁਮਾਇੰਦਗੀ ਕਰਦਾ ਹੈ।

ਸੀਸੀਆਈ ਨੇ 4 ਅਪ੍ਰੈਲ ਨੂੰ ਆਦੇਸ਼ ਦਿੱਤਾ ਸਵਿਗੀ ਤੇ ਜ਼ੋਮੈਟੋ ਦੇ ਖਿਲਾਫ ਭੁਗਤਾਨ ਚੱਕਰ 'ਚ ਦੇਰੀ, ਇਕਪਾਸੜ ਧਾਰਾਵਾਂ ਤੇ ਕਮਿਸ਼ਨ ਲਗਾਉਣ ਦੇ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਨਿਰਪੱਖ ਵਪਾਰ ਰੈਗੂਲੇਟਰ ਨੇ ਆਪਣੇ ਡਾਇਰੈਕਟਰ ਜਨਰਲ ਨੂੰ ਦੋਸ਼ਾਂ ਦੀ ਡੂੰਘਾਈ ਨਾਲ ਜਾਂਚ ਕਰਨ ਤੇ 60 ਦਿਨਾਂ ਦੇ ਅੰਦਰ ਰਿਪੋਰਟ ਸੌਂਪਣ ਲਈ ਕਿਹਾ ਹੈ।

ਵਿਸਤ੍ਰਿਤ ਜਾਂਚ ਦੇ ਆਰਡਰ

ਸੀਸੀਆਈ ਨੇ ਕਿਹਾ ਕਿ ਮੁੱਢਲੀ ਜਾਂਚ ਵਿੱਚ ਇਹ ਹਿੱਤਾਂ ਦੇ ਟਕਰਾਅ ਦਾ ਮਾਮਲਾ ਜਾਪਦਾ ਹੈ। ਰੈਸਟੋਰੈਂਟ ਭਾਈਵਾਲਾਂ ਵਿਚਕਾਰ ਮੁਕਾਬਲੇ 'ਤੇ ਇਸ ਦੇ ਪ੍ਰਭਾਵ ਦੀ ਵਿਸਥਾਰ ਨਾਲ ਜਾਂਚ ਕਰਨ ਦੀ ਲੋੜ ਹੈ। ਸੀਸੀਆਈ ਨੇ ਕਿਹਾ ਕਿ ਦੋਵੇਂ ਆਨਲਾਈਨ ਫੂਡ ਡਿਲੀਵਰੀ ਕਰਨ ਵਾਲੀਆਂ ਪ੍ਰਮੁੱਖ ਕੰਪਨੀਆਂ ਹਨ। ਬਾਜ਼ਾਰ 'ਚ ਇਨ੍ਹਾਂ ਦੀ ਮਜ਼ਬੂਤ ​​ਪਕੜ ਕਾਰਨ ਦੋਵਾਂ 'ਤੇ ਉਲਟ ਅਸਰ ਪੈ ਸਕਦਾ ਹੈ। ਬਰਾਬਰ ਕੰਮ ਦੇ ਮੌਕੇ ਵੀ ਆਪਣੇ ਤਰੀਕੇ ਨਾਲ ਪ੍ਰਭਾਵਿਤ ਹੋ ਸਕਦੇ ਹਨ।