ਯੇਰੂਸ਼ਲਮ (ਵਿਕਰਮ ਸਹਿਜਪਾਲ) : ਇਜ਼ਰਾਈਲ ਦੀ ਇਕ ਅਦਾਲਤ ਨੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਪਤਨੀ ਸਾਰਾ ਨੂੰ ਸਰਕਾਰੀ ਧਨ ਦੀ ਦੁਰਵਰਤੋਂ ਦਾ ਦੋਸ਼ੀ ਠਹਿਰਾਇਆ ਹੈ ਪਰ ਅਦਾਲਤ ਨੇ ਸਾਰਾ (60) 'ਤੇ ਲੱਗੇ ਭਿ੍ਸ਼ਟਾਚਾਰ ਦੇ ਦੋਸ਼ ਰੱਦ ਕਰ ਦਿੱਤੇ। ਉਨ੍ਹਾਂ 'ਤੇ 2800 ਡਾਲਰ (ਕਰੀਬ ਦੋ ਲੱਖ ਰੁਪਏ) ਦਾ ਜੁਰਮਾਨਾ ਲਾਇਆ ਗਿਆ ਹੈ। ਸਾਰਾ (60) 'ਤੇ ਸਰਕਾਰੀ ਧਨ ਦਾ ਇਸਤੇਮਾਲ ਕਰ ਕੇ ਇਕ ਰੈਸਤਰਾਂ ਤੋਂ ਇਕ ਲੱਖ ਡਾਲਰ (ਕਰੀਬ 70 ਲੱਖ ਰੁਪਏ) ਦਾ ਖਾਣਾ ਮੰਗਵਾਉਣ ਦਾ ਦੋਸ਼ ਸੀ।
ਉਨ੍ਹਾਂ 'ਤੇ ਇਹ ਝੂਠਾ ਬਿਆਨ ਦੇਣ ਦਾ ਵੀ ਦੋਸ਼ ਸੀ ਕਿ ਪ੍ਰਧਾਨ ਮੰਤਰੀ ਦੀ ਰਿਹਾਇਸ਼ ਵਿਚ ਰਸੋਈਆ ਨਾ ਹੋਣ ਕਾਰਨ ਉਨ੍ਹਾਂ ਨੂੰ ਅਜਿਹਾ ਕਰਨਾ ਪਿਆ ਸੀ। ਇਸ ਮਾਮਲੇ ਵਿਚ ਉਨ੍ਹਾਂ ਖ਼ਿਲਾਫ਼ ਪਿਛਲੇ ਸਾਲ ਜੂਨ ਵਿਚ ਧੋਖਾਧੜੀ ਅਤੇ ਵਿਸ਼ਵਾਸਘਾਤ ਦਾ ਕੇਸ ਦਰਜ ਕੀਤਾ ਗਿਆ ਸੀ।
ਸਾਰਾ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਯੇਰੂਸ਼ਲਮ ਮੈਜਿਸਟ੍ਰੇਟ ਕੋਰਟ ਦੇ ਜੱਜ ਅਵਿਤਲ ਚੇਨ ਨੇ ਉਨ੍ਹਾਂ ਨੂੰ ਸਰਕਾਰੀ ਖ਼ਜ਼ਾਨੇ ਵਿਚ 12,500 ਡਾਲਰ (ਕਰੀਬ ਅੱਠ ਲੱਖ ਰੁਪਏ) ਦਾ ਹਰਜਾਨਾ ਭਰਨ ਦਾ ਵੀ ਆਦੇਸ਼ ਦਿੱਤਾ। ਸਾਰਾ ਇਹ ਰਕਮ ਨੌਂ ਕਿਸ਼ਤਾਂ ਵਿਚ ਭਰ ਸਕਦੀ ਹੈ। ਫ਼ੈਸਲਾ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਅਪਰਾਧ ਦੀ ਗੰਭੀਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਹੀ ਸਜ਼ਾ ਸੁਣਾਈ ਗਈ ਹੈ।



